ਖੇਤੀਬਾੜੀ ਦੌਰਾਨ ਵਾਪਰੇ ਹਾਦਸਿਆਂ ਦੇ ਪੀੜਤਾਂ ਨੂੰ ਵਿਧਾਇਕ ਨਾਗਰਾ ਨੇ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ

Last Updated: Sep 16 2019 17:22
Reading time: 2 mins, 13 secs

ਖੇਤੀਬਾੜੀ ਦਾ ਕੰਮ ਕਰਨ ਦੌਰਾਨ ਅਤੇ ਘਰਾਂ 'ਚ ਪਸ਼ੂਆਂ ਲਈ ਚਾਰਾ ਵਗੈਰਾ ਕੱਟਦੇ ਸਮੇਂ ਵਾਪਰੇ ਹਾਦਸਿਆਂ ਦੌਰਾਨ ਸਰੀਰਕ ਅੰਗ ਗਵਾਉਣ ਵਾਲੇ ਪੀੜਤ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਰਥਿਕ ਸਹਾਇਤਾ ਰਾਸ਼ੀ ਮੁਹੱਈਆ ਕਰਵਾਏ ਜਾਣ ਦੇ ਚੱਲਦੇ ਗ੍ਰਾਂਟ ਦੇ ਚੈੱਕ ਵੰਡਣ ਸਬੰਧੀ ਮਾਰਕੀਟ ਕਮੇਟੀ ਸਰਹਿੰਦ ਦੇ ਦਫਤਰ 'ਚ ਸਾਦਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ (ਪਲੈਨਿੰਗ) ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਖੇਤੀਬਾੜੀ ਦੌਰਾਨ ਵਾਪਰੇ ਹਾਦਸਿਆਂ ਤੋਂ ਪੀੜਤ 6 ਵਿਅਕਤੀਆਂ ਨੂੰ 90 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ।

ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਖੇਤ 'ਚ ਕੰਮ ਕਰਦੇ ਸਮੇਂ ਰੋਟਾਵੇਟਰ ਵਿੱਚ ਆ ਕੇ ਹੱਥ ਦਾ ਅੰਗੂਠਾ ਗਵਾਉਣ ਵਾਲੇ ਹਰਮੇਸ਼ ਸਿੰਘ ਵਾਸੀ ਪਿੰਡ ਬੀਬੀਪੁਰ ਨੂੰ 10 ਹਜ਼ਾਰ ਰੁਪਏ ਦਾ ਚੈੱਕ, ਖੇਤ ਵਿੱਚੋਂ ਮੋਟਰ ਕੱਢਣ ਸਮੇਂ ਵਾਪਰੇ ਹਾਦਸੇ ਦੌਰਾਨ ਹੱਥ ਦਾ ਅੰਗੂਠਾ ਕੱਟੇ ਜਾਣ ਤੇ ਰਣਜੀਤ ਸਿੰਘ ਵਾਸੀ ਪਿੰਡ ਰਾਮਗੜ੍ਹ ਸੈਣੀਆਂ ਨੂੰ 10 ਹਜ਼ਾਰ ਰੁਪਏ, ਘਰ 'ਚ ਟੋਕਾ ਕਰਦੇ ਸਮੇਂ ਟੋਕਾ ਮਸ਼ੀਨ 'ਚ ਹੱਥ ਆਉਣ ਦੇ ਚੱਲਦੇ ਹੱਥ ਦੀ ਉਂਗਲ ਗਵਾਉਣ ਵਾਲੇ ਜਸਵੀਰ ਸਿੰਘ ਵਾਸੀ ਪਿੰਡ ਮੱਠੀ ਨੂੰ 10 ਹਜ਼ਾਰ ਰੁਪਏ, ਘਰ 'ਚ ਕੰਮ ਕਰਦੇ ਹੋਏ ਟੋਕਾ ਮਸ਼ੀਨ 'ਚ ਹੱਥ ਆਉਣ ਕਾਰਨ ਇੱਕ ਉਂਗਲ ਕੱਟੀ ਜਾਣ ਤੇ ਹਰਜੀਤ ਸਿੰਘ ਵਾਸੀ ਪਿੰਡ ਬੁਚੜੇ ਨੂੰ 10 ਹਜ਼ਾਰ ਰੁਪਏ, ਥਰੈਸ਼ਰ ਨਾਲ ਸਰੋਂ ਕੱਢਦੇ ਸਮੇਂ ਹੋਏ ਹਾਦਸੇ 'ਚ ਸੱਜੇ ਹੱਥ ਦੀ ਉਂਗਲ ਗਵਾਉਣ ਵਾਲੇ ਰਣਜੀਤ ਸਿੰਘ ਵਾਸੀ ਪਿੰਡ ਬੀਬੀਪੁਰ ਨੂੰ 10 ਹਜ਼ਾਰ ਰੁਪਏ ਅਤੇ ਘਰ 'ਚ ਪਸ਼ੂਆਂ ਲਈ ਪੱਠੇ ਕੁਤਰਨ ਸਮੇਂ ਟੋਕਾ ਮਸ਼ੀਨ 'ਚ ਆ ਕੇ ਸੱਜੀ ਬਾਂਹ ਕੱਟੇ ਜਾਣ ਦੇ ਚੱਲਦੇ ਕੁਲਵੀਰ ਕੌਰ ਵਾਸੀ ਪਿੰਡ ਫਾਟਕ ਮਾਜਰੀ ਨੂੰ 40 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ।

ਸਮਾਗਮ ਦੌਰਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮੌਜੂਦਾ ਪੰਜਾਬ ਸਰਕਾਰ ਨੇ ਇਸ ਹਲਕੇ ਦੇ ਸਰਵਪੱਖੀ ਵਿਕਾਸ ਲਈ 400 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਜਿਨ੍ਹਾਂ ਵਿੱਚੋਂ ਕਈਆਂ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀਆਂ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਆਉਣ ਵਾਲੇ ਸਮੇਂ ਅੰਦਰ ਫ਼ਤਿਹਗੜ੍ਹ ਸਾਹਿਬ ਹਲਕਾ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣੇਗਾ।

ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਸਕੱਤਰ ਮਾਰਕੀਟ ਕਮੇਟੀ ਗਗਨਦੀਪ ਸਿੰਘ, ਸੁਪਰਡੈਂਟ ਤਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਾਧੂ ਰਾਮ ਤੇ ਕੁਲਵੰਤ ਸਿੰਘ, ਬਲਜਿੰਦਰ ਸਿੰਘ ਅਤਾਪੁਰ, ਗੁਰਮੁੱਖ ਸਿੰਘ ਪੰਡਰਾਲੀ, ਮੰਡੀ ਸੁਪਰਵਾਈਜ਼ਰ ਅਜਮੇਰ ਸਿੰਘ ਤੇ ਨਾਹਰ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਨੋਨੀ, ਨੰਬਰਦਾਰ ਭੁਪਿੰਦਰ ਸਿੰਘ, ਹਰਦੀਪ ਸਿੰਘ, ਗੁਰਬਾਜ ਸਿੰਘ ਰਾਜੂ, ਗਗਨਦੀਪ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।