ਆਈ.ਟੀ.ਸੀ ਕੰਪਨੀ ਦੇ ਠੇਕੇਦਾਰ ਦੇ ਪਲਾਟ 'ਚੋਂ ਬਿਲਡਿੰਗ ਮਟੀਰੀਅਲ ਚੋਰੀ ਕਰਕੇ ਵੇਚਿਆ

Last Updated: Jun 08 2019 18:19
Reading time: 1 min, 24 secs

ਜੇਲ੍ਹ ਰੋਡ ਝੱਲ ਠੀਕਰੀਵਾਲ ਸਥਿਤ ਆਈ.ਟੀ.ਸੀ ਕੰਪਨੀ ਦੇ ਠੇਕੇਦਾਰ ਦੇ ਪਲਾਟ ਵਿੱਚੋਂ ਸੀਮੈਂਟ, ਸਰੀਆ ਅਤੇ ਹੋਰ ਬਿਲਡਿੰਗ ਦਾ ਸਾਮਾਨ ਚੋਰੀ ਹੋ ਗਿਆ। ਆਰੋਪੀਆਂ ਨੇ ਸਾਮਾਨ ਕਿਸੇ ਨੂੰ ਵੇਚ ਦਿੱਤਾ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਾਮਾਨ ਖਰੀਦਣ ਵਾਲੇ ਦੁਕਾਨਦਾਰ ਸਮੇਤ 06 ਆਰੋਪੀਆਂ ਦੇ ਵਿਰੁੱਧ ਚੋਰੀ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੀਪਕ ਪਰਾਸ਼ਰ ਵਾਸੀ ਬੈਂਕ ਕਲੋਨੀ ਮਿੱਠਾਪੁਰ ਚੌਂਕ ਜਲੰਧਰ ਨੇ ਦੱਸਿਆ ਕਿ ਉਹ ਆਈ.ਟੀ.ਸੀ. ਕੰਪਨੀ ਝੱਲ ਠੀਕਰੀਵਾਲ ਵਿਖੇ ਬਿਲਡਿੰਗ ਬਣਾਉਣ ਦਾ ਠੇਕੇਦਾਰ ਦਾ ਕੰਮ ਕਰਦਾ ਹੈ ਅਤੇ ਉਹ ਪਿੰਡ ਝੱਲ ਠੀਕਰੀਵਾਲ ਨੇੜੇ ਜੇਲ੍ਹ ਰੋਡ ਤੇ ਪਲਾਟ ਖਰੀਦ ਕੇ ਆਪਣਾ ਨਿੱਜੀ ਦਫਤਰ ਬਣਾ ਰਿਹਾ ਹੈ। ਜਿੱਥੇ ਦਿਨ ਵੇਲੇ ਲੇਬਰ ਦੇ ਬੰਦੇ ਕੰਮ ਕਰਕੇ ਰਾਤ ਨੂੰ ਤਾਲਾ ਲਗਾ ਕੇ ਚਲੇ ਜਾਂਦੇ ਹਨ।

ਕੁਝ ਦਿਨ ਪਹਿਲਾਂ ਚਾਰ ਇੰਚੀ ਸਾਕਟਾ 05 ਪੀਸ, ਚਾਰ ਇੰਚੀ ਬੈਂਡ 05 ਪੀਸ ਅਤੇ 10 ਬੋਰੇ ਸੀਮੈਂਟ ਮਾਰਕਾ ਚੋਰੀ ਹੋ ਗਿਆ। ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਉਸਦਾ ਇਹ ਸਾਮਾਨ ਬੋਬੀ, ਮੋਟਾ, ਲਖਵਿੰਦਰ ਸਿੰਘ ਉਰਫ ਲੱਖੂ, ਘੋਨੂੰ, ਰਾਣਾ ਨੇ ਚੋਰੀ ਕੀਤਾ ਹੈ। ਜਦੋਂ ਉਸਨੇ ਇਨ੍ਹਾਂ ਨੂੰ ਪੁੱਛਿਆ ਤਾਂ ਇਨ੍ਹਾਂ ਨੇ ਉਸਦੇ ਸਾਹਮਣੇ ਚੋਰੀ ਦੀ ਗੱਲ ਮੰਨ ਲਈ ਤੇ ਕਹਿਣ ਲੱਗੇ ਕਿ ਉਹ ਚੋਰੀ ਕੀਤਾ ਸਾਮਾਨ ਵਾਪਿਸ ਕਰ ਦੇਣਗੇ, ਪਰ ਵਾਪਿਸ ਨਹੀਂ ਕੀਤਾ।

ਹੁਣ ਫਿਰ ਮਿਤੀ 5/6 ਜੂਨ ਦੀ ਦਰਮਿਆਨੀ ਰਾਤ ਨੂੰ ਉਸਦੇ ਪਲਾਟ ਤੋਂ 31 ਬੋਰੇ ਸੀਮੈਂਟ, 04 ਪਾਇਪ 04 ਇੰਚੀ ਲੰਬਾਈ 20 ਫੁੱਟ, ਇੱਕ ਚਗਾਠ ਦਰਵਾਜ਼ਾ ਤੇ 01 ਚਗਾਠ ਖਿੜਕੀ, ਚਾਰ ਕੁਰਸੀਆਂ ਪਲਾਸਟਿਕ, ਇੱਕ ਟੇਬਲ ਚੋਰੀ ਹੋ ਗਿਆ। ਇਹ ਸਾਰਾ ਸਾਮਾਨ ਬੋਬੀ, ਮੋਟਾ, ਲਖਵਿੰਦਰ ਸਿੰਘ ਉਰਫ ਲੱਖੂ, ਘੋਨੂੰ, ਰਾਣਾ ਨੇ ਇੱਕ ਸਲਾਹ ਹੋ ਕੇ ਚੋਰੀ ਕੀਤਾ ਹੈ ਅਤੇ ਚੋਰੀ ਕੀਤਾ ਸਾਰਾ ਸੀਮੈਂਟ ਤੇ ਪਾਈਪ ਵੇਚਣ ਵਾਲੇ ਦਲੇਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਝੱਲ ਠੀਕਰੀਵਾਲ ਨੂੰ ਸਸਤੇ ਰੇਟ ਤੇ ਵੇਚ ਦਿੱਤਾ ਹੈ। ਇਸ ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਚੋਰੀ ਦਾ ਕੇਸ ਦਰਜ ਕਰ ਲਿਆ ਹੈ।