Gurdaspur

Last Updated: Sep 16 2020 15:54
Reading time: 1 min, 42 secsਆਮ ਲੋਕਾਂ ਵਲੋਂ ਕੋਰੋਨਾ ਵਾਇਰਸ ਨੂੰ ਸਹਿਜ ਵਿੱਚ ਲੈਣ ਅਤੇ ਲਾਪਰਵਾਹੀ ਵਰਤੇ ਜਾਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ-ਦਿਨ ਵੱਧ ਰਹੇ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵੀ ਵਧੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਹੁਣ ਤੱਕ ਦੀ ਪੜਚੋਲ ਮਗਰੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਵਲੋਂ ਲਾਪਰਵਾਹੀ ਵਰਤਦਿਆਂ ਮਾਸਕ ਵੀ ਠੀਕ ਢੰਗ ਨਾਲ ਨਹੀਂ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਵੇਖ ਕੇ ਲੱਗਦਾ ਹੈ ਕਿ ਇੰਨਾ ਨੇ ਮਾਸਕ ਕੋਰੋਨਾ ਤੋਂ ਬਚਣ ਜਾਂ ਕਿਸੇ ਨੂੰ ਬਚਾਉਣ ਲਈ ਨਹੀਂ ਪਾਇਆ, ਜਿਵੇਂ ਕਿਸੇ ਨੇ ਮਾਸਕ ਨਾਲ ਨੱਕ ਅਤੇ ਮੂੰਹ ਹੀ ਪੂਰੀ ਤਰਾਂ ਨਹੀਂ ਢੱਕੇ, ਕੋਈ ਮਾਸਕ ਗਲੇ ਵਿਚ ਲਮਕਾਈ ਫਿਰ ਰਿਹਾ ਹੈ। ਅਜਿਹੀਆਂ ਗੱਲਾਂ ਕੋਰੋਨਾ ਦੇ ਵੱਧਣ ਦਾ ਕਾਰਨ ਬਣ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਕੋਰੋਨਾ ਦੇ ਕੇਸ ਅਤੇ ਮੌਤਾਂ ਵੱਧਣ ਦੇ ਮਾਮਲੇ ਵਿਚ ਕੋਰੋਨਾ ਦੇ ਟੈਸਟ ਕਰਵਾਉਣ ਵਿਚ ਦੇਰੀ ਨੂੰ ਵੱਡਾ ਕਾਰਨ ਦੱਸਿਆ ਹੈ। ਉਨਾਂ ਕਿਹਾ ਕਿ ਹੁਣ ਤੱਕ ਦੀ ਕੀਤੀ ਗਈ ਪੜਚੋਲ ਵਿਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਆਪਣੇ ਘਰਾਂ ਵਿਚ ਬੈਠ ਕੇ ਖ਼ੁਦ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਕਿਸੇ ਕੈਮਸਿਟ ਕੋਲੋਂ ਦਵਾਈ ਲੈ ਕੇ ਸਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਵਿਚ ਕੋਰੋਨਾ ਦੇ ਲੱਛਣ ਹਨ, ਉਹ ਵੀ ਇਸ ਨੂੰ ਡਾਕਟਰ ਕੋਲ ਸਾਂਝਾ ਕਰਨ ਦੀ ਥਾਂ ਘਰ ਹੀ ਬੈਠ ਰਹੇ ਹਨ। ਇਸ ਤਰਾਂ ਜਿਹੜੇ ਲੋਕਾਂ ਦੀ ਅੰਦਰੂਨੀ ਸ਼ਕਤੀ ਠੀਕ ਹੁੰਦੀ ਹੈ ਉਹ ਤਾਂ ਠੀਕ ਹੋ ਜਾਂਦੇ ਹਨ, ਪਰ ਕੁੱਝ ਲੋਕ ਜਿੰਨਾ ਵਿਚ ਜਵਾਨ ਵੀ ਹਨ, ਉਹ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ।

ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤਹਾਨੂੰ ਕੋਰੋਨਾ ਦੇ ਲੱਛਣ, ਜਿਸ ਵਿਚ ਬੁਖਾਰ, ਗਲਾ ਖਰਾਬ, ਖਾਂਸੀਂ ਆਦਿ ਮੁੱਖ ਤੌਰ ਉਤੇ ਸ਼ਾਮਿਲ ਹਨ, ਨਜ਼ਰ ਆਉਣ ਤਾਂ ਟੈਸਟ ਕਰਵਾਉਣ ਵਿਚ ਢਿੱਲ ਜਾਂ ਸ਼ਰਮ ਨਾ ਕਰੋ। ਉਨਾਂ ਕਿਹਾ ਕਿ ਜੇਕਰ ਤੁਸੀਂ ਕੋਵਿਡ-19 ਦੇ ਟੈਸਟ ਵਿਚ ਕੋਰੋਨਾ ਦੇ ਪਾਜ਼ੀਟਵ ਆ ਵੀ ਜਾਂਦੇ ਹੋ ਤਾਂ ਤਹਾਨੂੰ ਘਰ ਵਿਚ ਹੀ ਰਹਿਣ ਦੀ ਸਹੂਲਤ ਮੌਕੇ ਉਤੇ ਦੇ ਦਿੱਤੀ ਜਾਂਦੀ ਹੈ। ਡਾਕਟਰ ਦਵਾਈ ਵੀ ਦਿੰਦੇ ਹਨ ਅਤੇ ਘਰ ਬੈਠੇ ਮਰੀਜ਼ ਨਾਲ ਫੋਨ ਉਤੇ ਰਾਬਤਾ ਵੀ ਰੱਖਦੇ ਹਨ, ਜਿਸ ਨਾਲ ਮਰੀਜ਼ ਦੀ ਰਿਕਵਰੀ ਅਸਾਨ ਤੇ ਛੇਤੀ ਹੁੰਦੀ ਹੈ।