ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਤਕਨੀਕਾਂ ਦਾ ਸਹੀ ਹੋਣਾ ਜ਼ਰੂਰੀ: ਡਾ. ਅਮਰੀਕ ਸਿੰਘ

Last Updated: Jan 06 2020 17:42
Reading time: 2 mins, 21 secs

ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ, ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਬਲਾਕ ਪਠਾਨਕੋਟ ਦੇ ਪਿੰਡ ਭਨਵਾਲ ਵਿਖੇ ਅਗਾਂਹਵਧੂ ਕਿਸਾਨ ਸੱਤਪਾਲ ਸਿੰਘ ਦੇ ਫਾਰਮ ਤੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ (ਆਤਮਾ), ਬਲਵਿੰਦਰ ਸਿੰਘ, ਮਹਿਲ ਸਿੰਘ ਮੈਰਾ ਸਮੇਤ ਹੋਰ ਕਿਸਾਨ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੂੰ ਨਦੀਨਨਾਸ਼ਕ ਦੀਆਂ ਛਿੜਕਾਅ ਤਕਨੀਕਾਂ ਨੂੰ ਪ੍ਰਦਰਸ਼ਿਤ ਕਰਕੇ ਸਿਖਲਾਈ ਦਿੱਤੀ ਗਈ।

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਛਿੜਕਾਅ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਛਿੜਕਾਅ ਸਾਫ਼ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫ਼ਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਕਾਰਡਪਲੱਸ ਨਦੀਨਨਾਸ਼ਕ ਨੂੰ ਕਣਕ ਦੀ ਕਿਸਮ ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਉੱਪਰ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਦੇ ਕਹੇ ਤੇ ਨਦੀਨਨਾਸ਼ਕਾਂ ਦੇ ਮਿਸ਼ਰਣ ਦੀ ਵਰਤੋਂ ਨਾਂ ਕਰੋ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ (ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਉਨ੍ਹਾਂ ਨੇ ਕਿਹਾ ਕਿ ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖ਼ਾਸ ਕਰਕੇ ਮਕੋਹ, ਕੰਡਿਆਲੀ ਪਾਲਕ, ਰਿਵਾੜੀ/ਰਾਰੀ, ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ+ਆਇਉਡੋਸਲਫੂਰਾਨ 3.6 ਡਬਲਯੂ ਡੀ ਜੀ(ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ+ਮੈਟਸਲਫੂਰਾਨ 75 ਡਬਲਯੂ ਜੀ (ਟੋਟਲ) ਜਾਂ ਫਿਨੌਕਸਾਪ੍ਰੋਪ+ਮੈਟਰੀਬਿਊਜ਼ਿਨ 22 ਈ ਸੀ (ਅੋਕਾਰਡ ਪਲੱਸ) 500 ਮਿਲੀ ਲਿਟਰ ਜਾਂ 200 ਗ੍ਰਾਮ ਸ਼ਗਨ 21-11 (ਕਲੋਡਿਨੋਫਾਪ+ਮੈਟਰੀਬਿਊਜਿਨ) ਪ੍ਰਤੀ ਏਕੜ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੁੱਕ/ਘੂੰਈਂ ਨਾਮਕ ਨਦੀਨ ਦੀ ਰੋਕਥਾਮ ਲਈ 200 ਗ੍ਰਾਮ ਸ਼ਗੁਨ 21-11 ਪ੍ਰਤੀ ਏਕੜ ਨਾਮਕ ਨਦੀਨਨਾਸ਼ਕ ਨੂੰ ਬਿਜਾਈ ਤੋਂ 35-45 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਅਗਾਂਹਵਧੂ ਕਿਸਾਨ ਸੱਤਪਾਲ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਖੇਤੀ ਲਾਗਤ ਖ਼ਰਚੇ ਬਹੁਤ ਵੱਧ ਜਾਂਦੇ ਹਨ ਅਤੇ ਛਿੜਕਾਅ ਦਾ ਮਿਆਰੀਪਨ ਵੀ ਬਹੁਤ ਘਟੀਆ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਤੋਂ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਮਾਹਿਰਾਂ ਵੱਲੋਂ ਕੀਤੀਆਂ ਸਿਫਾਰਸ਼ਾਂ ਮੁਤਾਬਿਕ ਹੀ ਖੇਤੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੀ ਛਿੜਕਾਅ ਤਕਨੀਕ ਨੂੰ ਵਿਹਾਰਕ ਤੌਰ ਤੇ ਪ੍ਰਦਰਸ਼ਿਤ ਕਰਕੇ ਜਾਣਕਾਰੀ ਦਿੱਤੀ।