ਬਟਾਲਾ ਵਿਖੇ ਲੱਗੇਗਾ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਵਿਸ਼ੇਸ਼ ਕੈਂਪ

Last Updated: Sep 19 2019 12:16
Reading time: 1 min, 7 secs

ਪੰਜਾਬ ਸਰਕਾਰ ਵੱਲੋਂ ਸਰਕਾਰੀ ਪਾਲੀਟੈਕਨਿਕ ਕਾਲਜ ਬਟਾਲਾ ਵਿਖੇ ਸਥਿਤ ਆਈ.ਕੇ. ਗੁਜਰਾਲ ਪੀ.ਟੀ.ਯੂ ਕੈਂਪਸ (ਸਰਕਾਰੀ ਬਹੁ-ਤਕਨੀਕੀ ਕਾਲਜ) ਵਿਖੇ ਮਿਤੀ 20 ਸਤੰਬਰ ਨੂੰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਤਹਿਸੀਲ ਪੱਧਰੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ ਜੋ ਬਾਅਦ ਦੁਪਹਿਰ ਤੱਕ ਚੱਲੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਬਟਾਲਾ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਭਲਾਈ ਵਿਭਾਗ, ਪਾਵਰਕਾਮ, ਸਿੱਖਿਆ, ਸਿਹਤ, ਪੰਚਾਇਤ, ਉਦਯੋਗ, ਰੋਜ਼ਗਾਰ, ਲੇਬਰ, ਖ਼ੁਰਾਕ ਅਤੇ ਸਿਵਲ ਸਪਲਾਈ, ਸਮਾਜਿਕ ਸੁਰੱਖਿਆ, ਖੇਤੀਬਾੜੀ ਆਦਿ ਵਿਭਾਗਾਂ ਵੱਲੋਂ ਲੋਕਾਂ ਨੂੰ ਮੌਕੇ 'ਤੇ ਆਪਣੇ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਆਈ.ਕੇ. ਗੁਜਰਾਲ ਪੀ.ਟੀ.ਯੂ ਕੈਂਪਸ ਬਟਾਲਾ ਵਿਖੇ ਸਾਰੇ ਵਿਭਾਗਾਂ ਨੂੰ ਵੱਖੋ-ਵੱਖਰੇ ਕਮਰੇ ਅਲਾਟ ਕੀਤੇ ਗਏ ਹਨ ਜਿੱਥੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਏ ਹੋਏ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਦੱਸ ਕੇ ਯੋਗ ਲਾਭਪਾਤਰੀਆਂ ਨੂੰ ਇਹ ਲਾਭ ਵੀ ਦੇਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਵਿਭਾਗਾਂ ਵੱਲੋਂ ਆਪਣੀ ਪੈਂਡਿੰਗ ਅਰਜ਼ੀਆਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ।

ਬੀ.ਡੀ.ਪੀ.ਓ. ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਟਾਲਾ ਵਿਖੇ ਲੱਗ ਰਹੇ ਇਸ ਕੈਂਪ ਵਿੱਚ ਤਹਿਸੀਲ ਬਟਾਲਾ ਦਾ ਕੋਈ ਵੀ ਵਸਨੀਕ ਭਾਗ ਲੈ ਸਕਦਾ ਹੈ ਅਤੇ ਜਿਸ ਵੀ ਯੋਜਨਾ ਲਈ ਉਹ ਯੋਗ ਹੋਇਆ ਉਸਦਾ ਲਾਭ ਉਸ ਨੂੰ ਦਿੱਤਾ ਜਾਵੇਗਾ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਇਸ ਕੈਂਪ ਵਿੱਚ ਲੈ ਕੇ ਆਉਣ ਤਾਂ ਜੋ ਹਰ ਲੋੜਵੰਦ ਤੱਕ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਪਹੁੰਚੇ।