ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ : ਚੀਮਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 25 2019 17:12
Reading time: 1 min, 2 secs

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਚੀਮਾ ਨੇ ਕਿਹਾ ਕਿ ਜਿਸ ਤਰਾਂ ਕੇਂਦਰ ਨੇ ਹੜ ਪ੍ਰਭਾਵਿਤ ਸੂਬਿਆਂ ਦੀ ਸ੍ਰੇਣੀ ਵਿੱਚੋਂ ਪੰਜਾਬ ਨੂੰ ਬਾਹਰ ਰੱਖਿਆ ਹੈ ਇਸ ਨਾਲ ਸਾਬਤ ਹੋ ਗਿਆ ਹੈ ਕਿ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਪ੍ਰਤੀ ਸੁਹਿਰਦ ਨਹੀਂ ਹੈ ਤੇ ਇਥੋਂ ਦੀ ਜਨਤਾ ਨੂੰ ਦੇਸ ਦੀ ਜਨਤਾ ਨਹੀਂ ਮੰਨ ਰਹੀ ਹੈ। ਚੀਮਾ ਨੇ ਕਿਹਾ ਕਿ ਅੱਜ ਸਮੁੱਚਾ ਪੰਜਾਬ ਹੜ ਦੀ ਮਾਰ ਹੇਠ ਆਇਆ ਪਿਆ ਹੈ ਤੇ ਲੋਕ ਕਈ ਤਰਾਂ ਦੀਆਂ ਪ੍ਰੇਸਾਨੀਆਂ ਨਾਲ ਘਿਰੇ ਹੋਏ ਹਨ ਪਰ ਪ੍ਰਧਾਨ ਮੰਤਰੀ ਵਿਦੇਸ ਦੀਆਂ ਸੈਰਾਂ ਤੇ ਬਿਜ਼ੀ ਹਨ। ਜਨਰਲ ਸਕੱਤਰ ਚੀਮਾ ਨੇ ਸ੍ਰੋਮਣੀ ਅਕਾਲੀ ਦਲ ਨੁੰ ਵੀ ਲੰਬੇ ਹੱਥੀਂ ਲੈਂਦਿਆ ਕਿਹਾ ਕਿ ਬਾਦਲ ਪਰਿਵਾਰ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਕਿ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਹਨ ਹੜਾਂ ਦੇ ਮੁੱਦੇ ਤੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ ਤੇ ਜੇਕਰ ਵਾਕਿਆ ਹੀ ਸ੍ਰੋਮਣੀ ਅਕਾਲੀ ਦਲ ਪੰਜਾਬ ਪ੍ਰਤੀ ਸੁਹਿਰਦ ਹੁੰਦਾ ਤਾਂ ਵਿਸੇਸ ਪੈਕੇਜ਼ ਲੈ ਕੇ ਆਉਂਦਾ ਸਿਰਫ ਬਿਆਨਬਾਜ਼ੀ ਨਾਲ ਹੀ ਨਾ ਸਾਰੀ ਜਾਂਦਾ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਇਲਾਕਿਆ ਦੇ ਲੋਕਾਂ ਨੂੰ ਹਰ ਤਰਾਂ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ ਤੇ ਸਰਕਾਰ ਇਸ ਔਕੜ ਦੀ ਘੜੀ ਵਿੱਚ ਆਪਣੇ ਪੰਜਾਬੀਆਂ ਨਾਲ ਡੱਟ ਕੇ ਖੜੀ ਹੈ।