ਪੇਂਡੂ ਮਜ਼ਦੂਰਾਂ ਨੇ ਕਰਜ਼ਿਆਂ 'ਤੇ ਲੀਕ ਫੇਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

Last Updated: Jun 03 2020 15:10
Reading time: 1 min, 58 secs

ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕਰਫ਼ਿਊ, ਲਾਕਡਾਊਨ ਦੌਰਾਨ ਬੇਰੁਜ਼ਗਾਰ ਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਅਤੇ 15-15 ਹਜ਼ਾਰ ਰੁਪਏ ਖਾਤਿਆਂ ਵਿੱਚ ਪਾਉਣ ਸਮੇਤ ਹੋਰ ਮੰਗਾਂ ਲਈ ਮੋਗਾ ਵਿਖੇ ਸਥਿਤ ਬੀਡੀਪੀਓ ਦਫ਼ਤਰ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਮਹਿਣਾ ਅਤੇ ਮਨਜੀਤ ਸਿੰਘ ਬੁੱਘੀਪੁਰਾ ਨੇ ਕਿਹਾ ਕਿ ਵਾਰ-ਵਾਰ ਲਾਕਡਾਊਨ ਦੇ ਵਾਧੇ ਕਾਰਣ ਘਰਾਂ ਵਿੱਚ ਬੰਦ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੀ ਵੱਧ ਕੇ ਵਿਕਰਾਲ ਰੂਪ ਧਾਰਨ ਕਰ ਰਹੀਆਂ ਹਨ। ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਦਾ ਫ਼ਿਕਰ ਕਰ ਰਹੀਆਂ ਹਨ ਅਤੇ ਮਜ਼ਦੂਰਾਂ ਨੂੰ ਮਨਾਂ ਵਿੱਚੋਂ ਵਿਸਾਰੀ ਬੈਠੀਆਂ ਹਨ। ਜਿਸ ਤਹਿਤ ਸਰਮਾਏਦਾਰਾਂ ਦੇ 68000 ਕਰੋੜ ਦੇ ਕਰਜ਼ੇ ਵੱਟੇ ਖਾਤੇ ਪਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਰਫ਼ਿਊ, ਲਾਕਡਾਊਨ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਖ਼ਤਮ ਨਹੀਂ ਹੋਈ, ਮਰੀਜ਼ਾਂ ਦੀ ਗਿਣਤੀ ਘੱਟਣ ਦੀ ਥਾਂ ਵਧੀ।

ਕਰਫ਼ਿਊ, ਲਾਕਡਾਊਨ ਨੇ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਢੇਰ ਸਾਰਾ ਵਾਧਾ ਕੀਤਾ ਅਤੇ ਅਨੇਕਾਂ ਮਜ਼ਦੂਰਾਂ ਦੀ ਜਾਨ ਲੈ ਲਈ। ਉਨ੍ਹਾਂ ਕਿਹਾ ਕਿ ਧਰਨੇ ਮੁਜ਼ਾਹਰੇ ਕਰਕੇ ਮੰਗ ਕੀਤੀ ਜਾਵੇਗੀ ਕਿ ਲਾਕਡਾਊਨ ਖ਼ਤਮ ਕੀਤਾ ਜਾਵੇ, ਰਾਖਵੀਂਆਂ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਸਾਂਝੀ ਖੇਤੀ ਕਰਨ ਲਈ ਦਿੱਤੀਆਂ ਜਾਣ ਤੇ ਬਾਕੀ ਜ਼ਮੀਨ 5 ਏਕੜ ਤੱਕ ਦੇ ਮਾਲਕ ਕਿਸਾਨਾਂ ਲਈ ਜਨਰਲ ਹਿੱਸਾ ਰਿਜ਼ਰਵ ਕੀਤਾ ਜਾਵੇ। ਬੇ-ਜ਼ਮੀਨੇ ਲੋਕ ਘੁਰਨਿਆਂ ਵਰਗੇ ਘਰਾਂ ਵਿੱਚ ਰਹਿ ਰਹੇ ਹਨ, ਜਿੱਥੇ ਕੋਰੋਨਾ ਮਹਾਂਮਾਰੀ ਦੇ ਖ਼ਾਤਮੇ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰੀਰਕ ਦੂਰੀ ਨਹੀਂ ਰੱਖੀ ਜਾ ਸਕਦੀ, ਇਸ ਲਈ ਲੋੜਵੰਦ ਬੇਘਰੇ ਅਤੇ ਬੇਜ਼ਮੀਨੇ ਕਿਰਤੀਆਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ। ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਮਗਨਰੇਗਾ ਕਿਰਤੀਆਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ। ਜਿਨ੍ਹਾਂ ਮਗਨਰੇਗਾ ਵਰਕਰਾਂ ਨੂੰ ਸਾਲ 2019-2020 ਦਾ 100 ਦਿਨ ਦਾ ਰੁਜ਼ਗਾਰ ਅਤੇ ਮੌਜੂਦਾ ਚਾਲੂ ਸਾਲ 2020 ਵਿੱਚ ਅੱਜ ਤੱਕ ਰੁਜ਼ਗਾਰ ਨਹੀਂ ਦਿੱਤਾ ਗਿਆ। ਮਜ਼ਦੂਰਾਂ ਨੂੰ ਕਰਫ਼ਿਊ ਦੇ ਕਾਰਨ ਟੁੱਟੀਆਂ ਦਿਹਾੜੀਆਂ ਦੇ ਘੱਟੋ-ਘੱਟ ਉਜਰਤ ਅਨੁਸਾਰ ਪੈਸੇ ਦਿੱਤੇ ਜਾਣ ਅਤੇ ਤੁਰੰਤ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।

ਸਾਰੇ ਮਜ਼ਦੂਰਾਂ ਨੂੰ 15-15 ਹਜ਼ਾਰ ਰੁਪਏ ਦਾ ਰਾਹਤ ਪੈਕੇਜ ਦਿੱਤਾ ਜਾਵੇ। ਮਜ਼ਦੂਰਾਂ ਦੇ ਸਹਿਕਾਰੀ, ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਫਾਈਨਾਂਸ ਕੰਪਨੀਆਂ ਦੇ ਕਰਿੰਦਿਆਂ ਨੂੰ ਜਬਰੀ ਕਿਸ਼ਤ ਭਰਵਾਉਣ ਤੋਂ ਰੋਕਿਆ ਜਾਵੇ ਜਾਂ ਫਿਰ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਜ਼ਦੂਰਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਇਆ ਜਾਵੇ ਤੇ ਬਿਨਾਂ ਵਿਆਜ ਕਰਜ਼ੇ ਦਿੱਤੇ ਜਾਣ। ਸਾਰੇ ਨੀਲੇ ਕਾਰਡ ਧਾਰਕਾਂ ਸਮੇਤ ਲੋੜਵੰਦ ਸਮੂਹ ਲੋਕਾਂ ਨੂੰ ਰਾਸ਼ਨ, ਰਸੋਈ ਵਿੱਚ ਵਰਤੋਂ ਦੀਆਂ ਹੋਰ ਵਸਤਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਮਹਿਣਾ, ਮਨਜੀਤ ਸਿੰਘ ਬੁੱਘੀਪੁਰਾ, ਦਲਜੀਤ ਸਿੰਘ ਰੋਡੇ, ਨਿਰਮਲ ਸਿੰਘ ਚੁਗਾਵਾਂ, ਅਮਰਜੀਤ ਸਿੰਘ ਚੁਗਾਵਾਂ, ਬਲਵਿੰਦਰ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਅਤੇ ਜਗਵੀਰ ਕੌਰ ਮੋਗਾ ਨੇ ਧਰਨੇ ਵਿੱਚ ਪਹੁੰਚ ਕੇ ਮਜ਼ਦੂਰਾਂ ਦੀਆਂ ਮੰਗਾਂ ਦੀ ਅਤੇ ਧਰਨੇ ਦੀ ਹਮਾਇਤ ਕੀਤੀ।