ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਦੀ ਡੇਅਰੀ ਟ੍ਰੇਨਿੰਗ ਕੌਂਸਲਿੰਗ 13 ਜਨਵਰੀ ਨੂੰ

Last Updated: Jan 06 2020 16:37
Reading time: 1 min, 24 secs

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਵੈ ਰੁਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਕੀਮ ਫ਼ਾਰ ਪ੍ਰਮੋਸ਼ਨ ਆਫ਼ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫ਼ਾਰ ਐਸ.ਸੀ. ਬੈਨੀਫਿਸਰੀਜ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾਂ ਤੇ ਕਰਵਾ ਕੇ ਡੇਅਰੀ ਯੂਨਿਟ ਸਥਾਪਿਤ ਕਰਨ ਦੀ ਯੋਜਨਾ ਹੈ।

ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਟ੍ਰੇਨਿੰਗ ਦੇਣ ਦੇ ਨਾਲ-ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਲਾਭਪਾਤਰੀਆਂ ਦੀ ਕੌਂਸਲਿੰਗ 13 ਜਨਵਰੀ 2020 ਨੂੰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ. 3, 4 ਬਲਾਕ ਏ ਗਰਾਊਂਡ ਫਿਲੌਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਵਿਖੇ ਕੀਤੀ ਜਾਵੇਗੀ। ਕਾਰਜਕਾਰੀ ਅਫਸਰ ਡੇਅਰੀ ਬੀਰਪ੍ਰਤਾਪ ਸਿੰਘ ਗਿੱਲ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਸਰਟੀਫਿਕੇਟ ਅਤੇ ਪਾਸਪੋਰਟ ਸਾਇਜ਼ ਫ਼ੋਟੋ ਨਾਲ ਲੈ ਕੇ ਸਵੇਰੇ 10 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਫਿਰੋਜ਼ਪੁਰ ਵਿਖੇ ਹਾਜ਼ਰ ਹੋਣ। 

ਸਿੱਖਿਆਰਥੀ ਕੋਲ ਸਬੂਤ ਵਜੋਂ ਤਸਦੀਕਸ਼ੁਦਾ ਉਮਰ ਦਾ ਸਰਟੀਫਿਕੇਟ ਹੋਵੇ ਤੇ ਉਸਦੀ ਉਮਰ 18 ਤੋ 50 ਸਾਲ ਹੋਵੇ। ਉਹ ਘੱਟੋ-ਘੱਟ 5ਵੀਂ ਪਾਸ ਹੋਵੇ ਤੇ ਸਬੂਤ ਵਜੋਂ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ ਨਾਲ ਲਗਾਇਆ ਜਾਵੇ। ਇਸ ਤੋਂ ਇਲਾਵਾ ਸਿੱਖਿਆਰਥੀ ਪੰਜਾਬ ਦਾ ਰਹਿਣ ਵਾਲਾ ਤੇ ਦਿਹਾਤੀ ਪਿਛੋਕੜ ਦਾ ਹੋਵੇ ਤੇ ਸਬੂਤ ਵਜੋਂ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਤਸਦੀਕਸ਼ੁਦਾ ਫ਼ੋਟੋ ਕਾਪੀ ਵੀ ਨਾਲ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਇੰਟਰਵਿਊ ਵਿੱਚ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਟ੍ਰੇਨਿੰਗ ਸੈਂਟਰ ਗਿੱਲ ਅਤੇ ਡੇਅਰੀ ਟ੍ਰੇਨਿੰਗ ਸੈਂਟਰ ਤਰਨਤਾਰਨ ਵਿਖੇ ਡੇਅਰੀ ਸਿਖਲਾਈ ਦਿੱਤੀ ਜਾਵੇਗੀ। ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀ ਨੂੰ 33% ਸਬਸਿਡੀ ਦਿੱਤੀ ਜਾਵੇਗੀ।