ਬਿਜਲੀ ਕਾਮਿਆਂ ਦੇ ਸੰਘਰਸ਼ ਅੱਗੇ ਝੁਕੀ ਸਰਕਾਰ, ਕੀਤੀਆਂ ਤਨਖ਼ਾਹਾਂ ਜਾਰੀ !!!

Last Updated: Dec 05 2019 16:44
Reading time: 1 min, 16 secs

ਜੁਆਇੰਟ ਫੋਰਮ ਦੇ ਸੱਦੇ 'ਤੇ ਸ਼ਹਿਰੀ ਮੰਡਲ ਫਿਰੋਜ਼ਪੁਰ ਅਤੇ ਸਬ ਅਰਬਨ ਮੰਡਲ ਫਿਰੋਜ਼ਪੁਰ ਦੇ ਸਮੂਹ ਬਿਜਲੀ ਕਾਮਿਆਂ ਨੇ ਸਰਕਲ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਵਿਸ਼ਾਲ ਗੇਟ ਰੈਲੀ ਕੀਤੀ। ਅੱਜ ਦੀ ਗੇਟ ਰੈਲੀ ਦੀ ਪ੍ਰਧਾਨਗੀ ਰਾਜੇਸ਼ ਦੇਵਗਨ ਨੇ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਸਮੂਹ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਸਾਂਝਾ ਫੋਰਮ ਪੰਜਾਬ ਨਾਲ ਵਾਰ-ਵਾਰ ਸਮਝੌਤੇ ਕਰਕੇ ਮੁੱਕਰ ਰਹੀ ਹੈ ਅਤੇ ਪਿਛਲੇ ਸਮੇਂ ਵਿੱਚ ਕੀਤੇ ਸਮਝੌਤਿਆਂ ਤੋਂ ਟਾਲ ਮਟੋਲ ਕਰ ਰਹੀ ਹੈ, ਜਿਵੇਂਕਿ ਪੇ ਬੈਂਡ ਦਾ ਮਸਲਾ, 23 ਸਾਲਾ ਸਕੇਲ ਬਿਨ੍ਹਾਂ ਸ਼ਰਤ ਸਾਰੇ ਮੁਲਾਜ਼ਮਾਂ ਨੂੰ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨੇ, 1 ਜਨਵਰੀ 2016 ਤੋਂ ਲਮਕ ਅਵਸਥਾ ਵਿੱਚ ਪਏ ਨਵੇਂ ਸਕੇਲਾਂ ਨੂੰ ਦੇਣਾ, ਜਾਮ ਪਿਆ ਡੀਏ ਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕਰਨਾ, ਕੰਟਰੈਕਟ ਤੇ ਰੱਖੇ ਮੁਲਾਜ਼ਮਾਂ ਨੂੰ ਦੋ ਸਾਲਾਂ ਬਾਅਦ ਪੱਕੇ ਕਰਨਾ, ਵੱਖ-ਵੱਖ ਕੈਟਾਗਰੀਆਂ ਦੀਆਂ ਪ੍ਰਮੋਸ਼ਨਾਂ ਪਹਿਲ ਦੇ ਆਧਾਰ 'ਤੇ ਕਰਨਾ ਆਦਿ ਹਨ।

ਇਸ ਤੋਂ ਇਲਾਵਾ ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ, ਬੋਰਡ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਕਾਫੀ ਲੰਮੇ ਸਮੇਂ ਤੋਂ ਪੈਡਿੰਗ ਪਈਆਂ ਮੰਗਾਂ ਮੰਨਣ ਤੋਂ ਆਨਾਕਾਨੀ ਕਰ ਰਹੀ ਹੈ। ਜਦਕਿ ਸਰਕਾਰਾਂ ਵੱਲੋਂ ਆਪਣੇ ਐੱਮਐੱਲਏ ਅਤੇ ਐੱਮਪੀ ਦੀਆਂ ਤਨਖਾਹਾਂ ਜਦੋਂ ਮਰਜ਼ੀ ਵਧਾ ਲਈਆਂ ਜਾਂਦੀਆਂ ਹਨ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੇ ਰੋਸ ਨੂੰ ਵੇਖਦੇ ਹੋਏ ਪਾਵਰਕਾਮ ਦੀ ਮੈਨੇਜਮੈਂਟ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ ਅੱਜ ਸਰਕਾਰ ਨੂੰ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕਰਨੀਆਂ ਪਈਆਂ। ਇਹ ਜੁਆਇੰਟ ਫੋਰਮ ਦੀ ਬਹੁਤ ਵੱਡੀ ਪ੍ਰਾਪਤੀ ਹੈ। ਆਗੂਆਂ ਨੇ ਦੱਸਿਆ ਕਿ ਜੇਕਰ ਅੱਗੇ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਂਝਾ ਫੋਰਮ ਪੰਜਾਬ ਇਸ ਗੱਲ ਨੂੰ ਕਦੇ ਵੀ ਬਰਾਦਸ਼ਤ ਨਹੀਂ ਕਰੇਗਾ ਅਤੇ ਮੁਲਾਜ਼ਮਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ।