ਭਾਰਤ ਅੰਦਰ ਦੱਸੋ ਕਿੱਥੇ ਹੈ ਇਨਸਾਫ਼, ਲੋਕਾਂ ਦੇ ਹੱਕ ਅਤੇ ਧੱਕੇ ਖ਼ਿਲਾਫ਼ ਲੜਦਿਆਂ ਨੂੰ ਹੋ ਜਾਂਦੀ ਏ ਉਮਰ ਕੈਦ !!!

Last Updated: Oct 20 2019 18:21
Reading time: 1 min, 28 secs

ਨੌਜਵਾਨ ਭਾਰਤ ਸਭਾ ਵੱਲੋਂ ਸੂਬਾਈ ਸੱਦੇ ਤਹਿਤ ਕਿਸਾਨ ਆਗੂ ਮਨਜੀਤ ਧਨੇਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਸਦੇ ਤਹਿਤ ਅੱਜ ਪਿੰਡ ਰਾਜਿਆਣਾ ਵੈਰੋਕੇ, ਬਿਲਾਸਪੁਰ, ਆਲਮਵਾਲਾ ਡਾਲਾ, ਤਖਾਣਵੱਧ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਫੰਡ ਇਕੱਠਾ ਕੀਤਾ ਗਿਆ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਇਲਾਕਾ ਪ੍ਰਧਾਨ ਰਾਜਿੰਦਰ ਸਿੰਘ ਰਾਜੇਆਣਾ ਨੇ ਦੱਸਿਆ ਕਿ ਅੱਜ ਤੋਂ 22 ਸਾਲ ਪਹਿਲਾਂ 1997 ਵਿੱਚ ਪਿੰਡ ਮਹਿਲ ਕਲਾਂ (ਬਰਨਾਲਾ) ਦੀ ਨੌਜਵਾਨ ਕਿਰਨਦੀਪ ਕੌਰ ਲੜਕੀ ਨਾਲ ਪਿੰਡ ਦੇ ਧਨਾਡ ਚੌਧਰੀਆਂ ਵੱਲੋਂ ਗੈਂਗਰੇਪ ਕਰਕੇ ਲੜਕੀ ਦੀ ਲਾਸ਼ ਨੂੰ ਜ਼ਮੀਨ ਵਿੱਚ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਪਰ ਕਿਸਾਨ ਆਗੂ ਮਨਜੀਤ ਧਨੇਰ ਦੀ ਅਗਵਾਈ ਵਿੱਚ ਲੜਦੇ ਲੋਕ ਲਾਸ਼ ਲੱਭਣ ਤੋਂ ਬਾਅਦ ਦੋ ਸਾਲਾਂ ਦਾ ਸੰਘਰਸ਼ ਕਰਕੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿੱਚ ਸਫਲ ਰਹੇ। ਪਰ ਬਾਅਦ ਵਿੱਚ ਦੋਸ਼ੀਆਂ ਨੇ ਆਪਣੇ ਹੀ ਬਜ਼ੁਰਗ ਦਾ ਕਤਲ ਕਰਕੇ ਮਨਜੀਤ ਧਨੇਰ ਅਤੇ ਦੋ ਹੋਰ ਆਗੂਆਂ ਉੱਪਰ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ। ਲੋਕਾਂ ਦੇ ਸੰਘਰਸ਼ ਸਦਕਾ ਦੋ ਵਿਅਕਤੀਆਂ ਦੀ ਸਜ਼ਾ ਰੱਦ ਕਰ ਦਿੱਤੀ ਸੀ, ਪਰ ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜਾ ਸੁਪਰੀਮ ਕੋਰਟ, ਹਾਈਕੋਰਟ ਨੇ ਬਹਾਲ ਰੱਖੀ।

ਇੱਥੋਂ ਦੀਆਂ ਸਰਕਾਰਾਂ ਦੇ ਘਟੀਆ ਸਿਸਟਮ ਵਿਰੁੱਧ ਘੱਟ ਗਿਣਤੀਆਂ, ਬੁੱਧੀਜੀਵੀਆਂ, ਇਨਸਾਫ਼ ਪਸੰਦ ਲੋਕਾਂ, ਇਨਕਲਾਬੀ ਤਾਕਤਾਂ ਜੋ ਲੋਕਾਂ ਨਾਲ ਹੋ ਰਹੇ ਧੱਕੇ ਖ਼ਿਲਾਫ਼ ਲੋਕਾਂ ਲਈ ਲੜਦੀਆਂ ਹਨ, ਪਰ ਸਰਕਾਰ ਪਿੰਡਾਂ ਦੇ ਚੌਧਰੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਆਵਾਜ਼ਾਂ ਬੰਦ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਹੈ, ਪਰ ਇਹ ਆਵਾਜ਼ਾਂ ਨਾ ਪਰਚਿਆਂ ਕਰਕੇ ਨਾ ਉਮਰ ਕੈਦ ਦੀਆਂ ਸਜ਼ਾਵਾਂ ਕਰਕੇ ਰੁਕਣ ਵਾਲੀਆਂ ਹਨ। ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ 16 ਦਿਨਾਂ ਤੋਂ ਬਰਨਾਲਾ ਜੇਲ੍ਹ ਅੱਗੇ ਧਰਨਾ ਜਾਰੀ ਹੈ। ਨੌਜਵਾਨ ਸਭਾ ਭਾਰਤ ਸਭਾ 22 ਅਕਤੂਬਰ ਨੂੰ ਉਸ ਚੱਲ ਰਹੇ ਧਰਨੇ ਵਿੱਚ ਭਾਰੀ ਸ਼ਮੂਲੀਅਤ ਕਰੇਗੀ। ਜਿੰਨਾ ਸਮਾਂ ਸਜ਼ਾ ਰੱਦ ਨਹੀਂ ਹੁੰਦੀ, ਓਨਾ ਸਮਾਂ ਚੱਲ ਰਹੇ ਸੰਘਰਸ਼ ਵਿੱਚ ਆਪਣਾ ਰੋਲ ਅਦਾ ਕਰੇਗੀ।