ਹੁਣ ਕਾਂਗਰਸੀ ਵਿਧਾਇਕ ਅਤੇ ਡੀਸੀ ਨੇ ਸਿਰਫ 1000 ਰੁਪਏ ਕੀਮਤ 'ਤੇ ਲੋਕਾਂ ਨੂੰ ਉਪਲਬਧ ਕਰਵਾਈਆਂ ਗਊਆਂ !!!

Last Updated: Sep 20 2019 17:20
Reading time: 2 mins, 8 secs

ਗਊਆਂ ਸਾਨੂੰ ਨਾ ਸਿਰਫ਼ ਦੁੱਧ ਦਿੰਦੀਆਂ ਹਨ, ਬਲਕਿ ਇਹ ਸਾਨੂੰ ਆਪਣਾ ਆਸ਼ੀਰਵਾਦ ਵੀ ਦਿੰਦਿਆਂ ਹਨ। ਇਨ੍ਹਾਂ ਦੀ ਸੇਵਾ, ਪੂਜਾ ਅਤੇ ਸਾਂਭ-ਸੰਭਾਲ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਇਹ ਦਾਅਵਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮਿਲਟਰੀ ਫਾਰਮ ਵਿਖੇ ਲੋਕਾਂ ਨੂੰ ਗਊਆਂ ਵੰਡਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਚੰਦਰ ਗੈਂਦ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇੰਡੀਅਨ ਆਰਮੀ ਦਾ ਇੱਕ ਫ਼ੈਸਲਾ ਸੀ, ਜਿਸ ਤਹਿਤ ਇਹ ਡੇਅਰੀ ਫਾਰਮ ਬੰਦ ਕੀਤਾ ਜਾਣਾ ਹੈ, ਜਿਸ ਉੱਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਫਾਰਮਾਂ ਵਿੱਚ ਜੋ ਗਊਆਂ ਹਨ, ਉਹ ਲੋੜਵੰਦ ਲੋਕਾਂ ਨੂੰ ਦਿੱਤਿਆਂ ਜਾਣ ਤਾਂ ਜੋ ਇਨ੍ਹਾਂ ਦੀ ਵਧੀਆ ਸਾਂਭ-ਸੰਭਾਲ ਦੇ ਨਾਲ-ਨਾਲ ਲੋਕਾਂ ਲਈ ਕਮਾਈ ਦਾ ਵੀ ਇੱਕ ਜਰਿਆ ਬਣ ਸਕੇ। ਇਸ ਕਰਕੇ 600 ਦੇ ਕਰੀਬ ਗਊਆਂ, ਜੋ ਲੋਕਾਂ ਨੂੰ ਮੁਫ਼ਤ ਦੇ ਬਰਾਬਰ ਸਿਰਫ਼ 1000 ਰੁਪਏ ਵਿੱਚ ਇੱਕ ਗਾਂ ਦਿੱਤੀ ਗਈ ਹੈ ਅਤੇ ਇੱਕ ਲਾਭਪਾਤਰੀ ਨੂੰ 2 ਗਊਆਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਇਸ ਫਾਰਮ ਵਿੱਚ ਵੱਖ-ਵੱਖ ਨਸਲ ਦੀਆਂ ਬਹੁਤ ਵਧੀਆ ਗਾਵਾਂ ਹਨ ਅਤੇ ਜਿਨ੍ਹਾਂ ਵਿੱਚੋਂ 10 ਤੋਂ ਲੈ ਕੇ 50 ਲੀਟਰ ਤੱਕ ਦੁੱਧ ਦੇਣ ਵਾਲੀਆਂ ਗਊਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਇੱਕ ਸਰਹੱਦੀ ਏਰੀਆ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਇਹ ਗਊਆਂ ਮਿਲਣ ਨਾਲ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਹੋਵੇਗਾ ਅਤੇ ਘਰ ਵਿੱਚ ਜੋ ਬਜ਼ੁਰਗ ਹਨ, ਉਹ ਵੀ ਇਨ੍ਹਾਂ ਦੀ ਸੇਵਾ ਕਰਕੇ ਆਪਣੇ ਆਪ ਵਿੱਚ ਖ਼ੁਸ਼ੀ ਮਹਿਸੂਸ ਕਰਨਗੇ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਹੁਤ ਵਧੀਆ ਫ਼ੈਸਲਾ ਹੈ ਜੋ ਆਮ ਤੌਰ ਤੇ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਮਿਲਣ ਵਾਲੀ ਗਾਂ ਸਿਰਫ਼ 1000 ਰੁਪਏ ਵਿੱਚ ਲੋੜਵੰਦ ਲੋਕਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਊਆਂ ਲੋਕਾਂ ਨੂੰ ਮਿਲਣ ਨਾਲ ਇੱਕ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਪੀਣ ਲਈ ਸ਼ੁੱਧ ਦੁੱਧ ਤਾਂ ਮਿਲੇਗਾ ਹੀ ਨਾਲ ਹੀ ਉਹ ਦੁੱਧ ਨੂੰ ਵੇਚ ਕੇ ਚੰਗੀ ਕਮਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪੂਰੇ ਫਾਰਮ ਦਾ ਦੌਰਾ ਵੀ ਕੀਤਾ।

ਉਨ੍ਹਾਂ ਕਿਹਾ ਕਿ ਉਹ ਹਾਈਕਮਾਂਡ ਨਾਲ ਤਾਲਮੇਲ ਕਰਕੇ ਇਸ ਜਗ੍ਹਾ ਨੂੰ ਗਊਸ਼ਾਲਾ ਵਿੱਚ ਬਦਲਣ ਬਾਰੇ ਗੱਲ ਕਰਨਗੇ ਕਿਉਂਕਿ ਇਸ ਫਾਰਮ ਵਿੱਚ ਪਹਿਲਾਂ ਤੋਂ ਹੀ ਪੂਰੀ ਸੁਵਿਧਾਵਾਂ ਜਿਵੇਂ ਮੈਡੀਕਲ ਸਹੂਲਤਾਂ, ਸ਼ੈੱਡ, ਪਾਣੀ ਆਦਿ ਦਾ ਇੰਤਜ਼ਾਮ ਹੈ। ਉਨ੍ਹਾਂ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਗਊਸ਼ਾਲਾ ਵਾਸਤੇ 3.5 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਜੇਕਰ ਇਹ ਜਗ੍ਹਾ ਮਿਲ ਜਾਂਦੀ ਹੈ ਤਾਂ ਸ਼ਹਿਰ ਦੇ ਆਵਾਰਾ ਪਸ਼ੂਆਂ ਨੂੰ ਇੱਥੇ ਰੱਖਿਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਜਲਦ ਹੀ ਆਵਾਰਾ ਪਸ਼ੂਆਂ ਤੋਂ ਵੀ ਨਿਜਾਤ ਮਿਲੇਗੀ। ਇਸ ਮੌਕੇ ਰੂਪ ਨਾਰਾਇਣ ਪ੍ਰਧਾਨ ਵਪਾਰ ਮੰਡਲ, ਬਾਲ ਕ੍ਰਿਸ਼ਨ ਸਨਾਤਨ ਧਰਮ ਆਦਿ ਹਾਜ਼ਰ ਸਨ।