ਪ੍ਰਦੂਸ਼ਣ ਰੋਕਣ ਲਈ ਅਨੋਖੀ ਪਹਿਲ, ਸੁਖਬੀਰ ਐਗਰੋ ਕਿਸਾਨਾਂ ਨੂੰ ਪ੍ਰਤੀ ਕਵਿੰਟਲ ਪਰਾਲੀ ਦੇ ਦੇਵੇਗੀ 130 ਰੁਪਏ !!!

Last Updated: Sep 20 2019 15:34
Reading time: 1 min, 18 secs

ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੁਖਬੀਰ ਐਗਰੋ ਐਨਰਜੀ ਲਿਮਟਿਡ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਜਿਸ ਤਹਿਤ ਸੁਖਬੀਰ ਐਗਰੋ ਕਿਸਾਨਾਂ ਤੋਂ ਪਰਾਲੀ ਦੀ ਖ਼ਰੀਦ ਕਰੇਗੀ ਤੇ ਪ੍ਰਤੀ ਕਵਿੰਟਲ ਪਰਾਲੀ ਲਈ 130 ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ। ਜਿਸ ਤਹਿਤ ਪ੍ਰਤੀ ਏਕੜ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਦੀ ਵਾਧੂ ਕਮਾਈ ਹੋ ਸਕੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਇਹ ਫਾਰਮ ਪਰਾਲੀ ਤੋਂ ਬਿਜਲੀ ਬਣਾਉਣ ਦਾ ਕੰਮ ਕਰਦੀ ਹੈ, ਜਿਸ ਲਈ ਪਰਾਲੀ ਦੀ ਜ਼ਰੂਰਤ ਹੈ।

ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀ ਏਕੜ 20 ਤੋਂ 25 ਕਵਿੰਟਲ ਪਰਾਲੀ ਨਿਕਲਦੀ ਹੈ, ਜਿਸ ਨੂੰ ਵੇਚਣ 'ਤੇ ਕਿਸਾਨਾਂ ਨੂੰ 2 ਹਜ਼ਾਰ ਪ੍ਰਤੀ ਏਕੜ ਦੀ ਵਾਧੂ ਇਨਕਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਵਾਧੂ ਕਮਾਈ ਹੋਵੇਗੀ, ਬਲਕਿ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੇ ਵੀ ਰੋਕ ਲੱਗੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਾਲ ਉਹ ਪਰਾਲੀ ਨਾ ਸਾੜਨ, ਬਲਕਿ ਇਸ ਨੂੰ ਵੇਚ ਕੇ ਕਮਾਈ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਪੇਮੈਂਟ ਸਿੱਧੇ ਬੈਂਕ ਅਕਾਊਂਟ ਵਿੱਚ ਆਏਗੀ ਅਤੇ ਫ਼ਰਮ ਕਿਸੇ ਵੀ ਕਿਸਾਨ ਨੂੰ ਪਰਾਲੀ ਲਈ ਮਨਾ ਨਹੀਂ ਕਰੇਗੀ। ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਮਾਲਕ ਜਸਬੀਰ ਸਿੰਘ ਆਵਲਾ, ਰਵਿੰਦਰ ਸਿੰਘ ਆਵਲਾ ਅਤੇ ਸੁਖਬੀਰ ਆਵਲਾ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਕੋਲ ਆਉਣ ਵਾਲੀ ਸਾਰੀ ਪਰਾਲੀ ਖ਼ਰੀਦੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਦਾ ਪੂਰਾ ਲਾਭ ਮਿਲੇਗਾ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਰੁਕੇਗਾ, ਬਲਕਿ ਕਿਸਾਨਾਂ ਨੂੰ ਵੀ ਫ਼ਾਇਦਾ ਹੋਵੇਗਾ। ਉਨ੍ਹਾਂ ਨੇ ਦੂਜੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਆਪਣੀ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ।