ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਸੈਮੀਨਾਰ ਦਾ ਆਯੋਜਨ

Last Updated: Sep 18 2019 17:34
Reading time: 1 min, 45 secs

ਲੀਗਲ ਲਿਟਰੇਸੀ ਕਲੱਬ ਸਬੰਧਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਵੱਲੋਂ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਅਤੇ ਮੌਸਮ ਦੀ ਤਬਦੀਲੀ ਅਨੁਸਾਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਸੈਮੀਨਾਰ ਦਾ ਆਯੋਜਨ ਸਕੂਲ ਵਿਖੇ ਕੀਤਾ ਗਿਆ। ਜਿਸ ਵਿੱਚ ਅਮਨਪ੍ਰੀਤ ਸਿੰਘ ਸੀਜੀਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਨ੍ਹਾਂ ਦੇ ਨਾਲ ਡਾ. ਕੇਸੀ ਅਰੋੜਾ, ਸਕੂਲ ਮੈਡੀਕਲ ਸਲਾਹਕਾਰ ਰਣਦੀਪ ਸਿੰਘ ਦਫ਼ਤਰੀ ਸੁਪਰਡੈਂਟ, ਐਡਵੋਕੇਟ ਹੀਨਾ ਤਲਵਾੜ, ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਵੀ ਪਹੁੰਚੇ।

ਸੈਮੀਨਾਰ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਨੀਤਿਮਾ ਸ਼ਰਮਾ ਲੈਕਚਰਾਰ ਵੱਲੋਂ ਬਾਖ਼ੂਬੀ ਨਿਭਾਈ ਗਈ। ਪ੍ਰਿੰਸੀਪਲ ਜਗਦੀਪ ਪਾਲ ਸਿੰਘ ਵੱਲੋਂ ਸੈਮੀਨਾਰ ਅਤੇ ਲੀਗਲ ਲਿਟਰੇਸੀ ਕਲੱਬ ਅਤੇ ਸਕੂਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਹਰਲੀਨ ਕੌਰ ਨੇ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਕਿਉਂਕਿ ਬੱਚੇ ਨੂੰ ਅਣਚਾਹਾ ਅਤੇ ਅਣਲੋੜੀਂਦਾ ਛੂਹਣਾ ਅਸ਼ਲੀਲ ਚਿੱਤਰ ਦਿਖਾਉਣਾ ਜਾਂ ਕਿਸੇ ਕੰਮ ਲਈ ਬੱਚੇ ਨੂੰ ਉਕਸਾਉਣਾ ਇਸ ਵਿੱਚ ਪੁਲਿਸ ਕਾਰਵਾਈ ਤੋਂ ਡਰਨ ਦੀ ਲੋੜ ਨਹੀਂ।

ਬਿਆਨ ਲਿਖਣ ਸਮੇਂ ਬੱਚੇ ਦੇ ਮਾਂ ਬਾਪ ਉਸ ਕੋਲ ਰਹਿ ਸਕਦੇ ਹਨ, ਭਾਵੇਂ ਉਹ ਬਿਆਨ ਅਦਾਲਤ ਵਿੱਚ ਹੋਵੇ ਜਾਂ ਪੁਲਿਸ ਅਧਿਕਾਰੀ ਦੇ ਕੋਲ, ਪੁਲਿਸ ਜਾਂਚ ਦੌਰਾਨ ਦੋਸ਼ੀ ਨੂੰ ਬੱਚੇ ਤੋਂ ਦੂਰ ਰੱਖਿਆ ਜਾਂਦਾ ਹੈ। ਪੀੜ੍ਹਤ ਬੱਚੇ ਦੀ ਡਾਕਟਰੀ ਜਾਂਚ ਸਮੇਂ ਮਾਂ ਬਾਪ ਮੌਜੂਦ ਹਨ। ਅਜਿਹੇ ਕੇਸਾਂ ਦੀ ਸੁਣਵਾਈ ਲਈ ਖ਼ਾਸ ਅਦਾਲਤਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਿਰਫ਼ ਪੀੜਤ ਅਤੇ ਦੂਜੀ ਧਿਰ ਦਾ ਵਕੀਲ ਹੀ ਹੁੰਦਾ ਹੈ ਆਦਿ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਐਡਵੋਕੇਟ ਹੀਨਾ ਤਲਵਾੜ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਅਦਾਲਤਾਂ ਹਨ। ਇਨ੍ਹਾਂ ਦਾ ਫ਼ੈਸਲਾ ਜਲਦੀ ਕੀਤਾ ਜਾਂਦਾ ਹੈ।

ਇਸ ਮੌਕੇ ਮੁੱਖ ਮਹਿਮਾਨ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਸਰਕਾਰੀ ਸਕੂਲ ਦਾ ਪੜ੍ਹਿਆ ਹੋਇਆ, ਤੁਹਾਡੇ ਵਰਗਾ ਵਿਦਿਆਰਥੀ ਅੱਜ ਜੱਜ ਬਣਿਆ ਹਾਂ, ਜੇਕਰ ਤੁਹਾਨੂੰ ਕੋਈ ਵਿਅਕਤੀ ਗਲਤ ਕੰਮ ਲਈ ਕਹਿੰਦਾ ਹੈ ਜਾਂ ਤੁਹਾਡੇ ਸਾਹਮਣੇ ਕਰਦਾ ਹੈ ਤਾਂ ਸਾਡੇ ਧਿਆਨ ਵਿੱਚ ਲਿਆਓ ਅਸੀਂ ਤੁਹਾਡੇ ਨਾਲ ਹਾਂ। ਇਸ ਉਪਰੰਤ ਡਾ. ਕੇਸੀ ਅਰੋੜਾ ਵੱਲੋਂ ਬਦਲਦੇ ਮੌਸਮ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਮੈਡੀਕਲ ਦਵਾਈਆਂ ਦੀ ਵੰਡ ਕੀਤੀ। ਇਸ ਮੌਕੇ ਪ੍ਰਦੀਪ ਮੋਂਗਾ, ਰਾਜੀਵ ਮੈਣੀ ਅਤੇ ਮੈਡਮ ਮਧੂ ਬਜਾਜ ਅਤੇ 120 ਵਿਦਿਆਰਥੀ ਹਾਜ਼ਰ ਸਨ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਲੀਗਲ ਲਿਟਰੇਸੀ ਕਲੱਬ ਦੇ ਮੈਂਬਰਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ।