ਬੀਐੱਲਓ ਦੀ ਡਿਊਟੀ ਸਬੰਧੀ ਅਧਿਆਪਕਾਂ ਦਾ ਵਫਦ ਡੀਈਓ ਐਲੀਮੈਂਟਰੀ ਤੇ ਸੈਕੰਡਰੀ ਨੂੰ ਮਿਲਿਆ!!

Last Updated: Sep 18 2019 17:12
Reading time: 0 mins, 44 secs

ਅਧਿਆਪਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਸਾਂਝਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੂੰ ਮਿਲਿਆ। ਇਸ ਮੌਕੇ ਅਧਿਆਪਕਾਂ ਦੇ ਵਫ਼ਦ ਵੱਲੋਂ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਦੇ ਬਿਆਨਾਂ ਦੀ ਰੌਸ਼ਨੀ ਵਿੱਚ ਸਮੂਹ ਅਧਿਆਪਕਾਂ ਨੂੰ ਤੁਰੰਤ ਬੀਐੱਲਓ ਡਿਊਟੀ ਤੋਂ ਫ਼ਾਰਗ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਨੇ ਬੀਐੱਲਓ ਡਿਊਟੀ ਕਰ ਰਹੇ ਅਧਿਆਪਕਾਂ ਦੀਆਂ ਲਿਸਟਾਂ ਪ੍ਰਾਪਤ ਕਰਕੇ ਜਲਦੀ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਬੀਐੱਲਓ ਦਾ ਕੰਮ ਕਰਨਾ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੈ। ਵਫ਼ਦ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਅਧਿਆਪਕਾਂ ਨੂੰ ਬੀਐੱਲਓ ਡਿਊਟੀ ਤੋਂ ਨਾ ਰਲੀਵ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਗੁਰਜੀਤ ਸਿੰਘ ਸੋਢੀ, ਦਰਸ਼ਨ ਸਿੰਘ ਭੁੱਲਰ, ਜਸਬੀਰ ਸਿੰਘ ਦਿਓਲ, ਵਿਨੋਦ ਗੁਪਤਾ, ਪਵਨ ਕੁਮਾਰ, ਰਾਜੇਸ਼ ਕੁਮਾਰ, ਗਨੇਸ਼ ਕੁਮਾਰ, ਚਰਨਜੀਤ ਸਿੰਘ, ਬੂਟਾ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।