ਅਣਖੀ ਪੰਜਾਬੀਆਂ ਨੇ ਵੋਟਾਂ ਮੰਗਣ ਆਉਂਦੇ ਕਾਂਗਰਸੀਆਂ ਦਾ ਕੀਤਾ ਵਿਰੋਧ: ਕਮਲ ਸ਼ਰਮਾ

Last Updated: May 19 2019 13:08
Reading time: 1 min, 3 secs

ਪੰਜਾਬ ਵਿੱਚੋਂ ਵੱਡੀ ਜਿੱਤ ਦਾ ਰਿਕਾਰਡ ਦਰਜ ਕਰਦਿਆਂ ਦੇਸ਼ ਵਿੱਚ ਇੱਕ ਵਾਰ ਫਿਰ ਮੋਦੀ ਸਰਕਾਰ ਆਉਣ ਦਾ ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨੇ ਦਾਅਵਾ ਕੀਤਾ। ਇਸ ਮੌਕੇ ਕਮਲ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਅਜੋਕੇ ਆਧੁਨਿਕਤਾ ਦੇ ਦੌਰ ਵਿੱਚ ਲੋਕ ਪੂਰੀ ਤਰ੍ਹਾਂ ਉਜਾਗਰ ਹੋ ਚੁੱਕੇ ਹਨ ਅਤੇ ਅੱਜ ਲੋਕ ਕਾਂਗਰਸ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਸਮੀਖਿਆ ਕਰਦਿਆਂ ਆਪਣਾ ਇੱਕ-ਨਕਾਤੀ ਪ੍ਰੋਗਰਾਮ ਸਿਰਫ ਤੇ ਸਿਰਫ ਅਕਾਲੀ-ਭਾਜਪਾ ਦੇ ਹੱਕ ਵਿੱਚ ਨਿਤਰਣ ਦਾ ਬਣਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਅਣਖੀ ਪੰਜਾਬੀਆਂ ਨੇ ਵੋਟਾਂ ਮੰਗਣ ਆਉਂਦੇ ਕਾਂਗਰਸੀਆਂ ਦਾ ਜਿੱਥੇ ਵਿਰੋਧ ਕੀਤਾ, ਉੱਥੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸੀਆਂ ਦੇ ਫੜੇ ਗਏ ਸ਼ਰਾਬ ਦੇ ਭਰੇ ਟਰੱਕ ਕਾਂਗਰਸੀਆਂ ਵੱਲੋਂ ਮੰਨੀ ਹਾਰ ਦਰਸਾ ਰਹੇ ਹਨ।

ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਹਾਰ ਤੋਂ ਬੁਖਲਾਏ ਕਾਂਗਰਸੀ ਜਿੱਥੇ ਬਿਨ੍ਹਾਂ ਕਿਸੇ ਦੀ ਪ੍ਰਵਾਹ ਦੇ ਸ਼ਰੇਆਮ ਸ਼ਰਾਬ ਦੀ ਦੁਰਵਰਤੋਂ ਕਰਦੇ ਦਿਖਾਈ ਦਿੱਤੇ ਹਨ, ਉੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਚੋਣ ਪ੍ਰਕ੍ਰਿਆ ਦੇ ਪਹਿਲੇ ਦਿਨੋਂ ਦਿੱਤੇ ਜਾ ਰਹੇ ਬਿਆਨ ਲਗਾਤਾਰ ਕਾਂਗਰਸ ਦੇ ਡਿੱਗ ਰਹੇ ਗ੍ਰਾਫ ਦਾ ਪ੍ਰਗਟਾਵਾ ਕਰ ਰਹੇ ਹਨ। ਕੌਮੀ ਭਾਜਪਾ ਦੇ ਕਾਰਜਕਾਰੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਵੱਲੋਂ ਆਪਣੇ ਮੰਤਰੀਆਂ, ਵਿਧਾਇਕਾਂ ਨੂੰ ਤਾੜਨਾ ਕਰਦਿਆਂ ਜਿੱਥੇ ਆਮ ਲੋਕਾਂ ਨੂੰ ਡਰਾਉਣ ਦਾ ਯਤਨ ਕੀਤਾ ਗਿਆ ਹੈ, ਉੱਥੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਬੋਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀਆਂ ਦੇ ਪਾਟੋ-ਧਾਰ ਨੂੰ ਉਜਾਗਰ ਕੀਤਾ ਹੈ।