ਮਿਡ ਡੇ ਮੀਲ ਸਕੀਮ ਤਹਿਤ ਰਾਸ਼ੀ ਜਾਰੀ, ਫਾਜ਼ਿਲਕਾ ਨੂੰ ਮਿਲਿਆ ਡੇਢ ਕਰੋੜ

Last Updated: Jan 06 2020 17:37
Reading time: 1 min, 53 secs

ਮਿਡ ਡੇ ਮੀਲ ਦਾ ਲਾਹਾ ਸੂਬਾ ਪੰਜਾਬ ਦੇ ਲੱਖਾਂ ਵਿਦਿਆਰਥੀ ਲੈ ਰਹੇ ਹਨ ਅਤੇ ਇਸਦੇ ਨਾਲ ਸਰਕਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵੀ ਕਾਫੀ ਇਜ਼ਾਫਾ ਹੋਇਆ ਹੈ। ਸਮੂਹ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਦੇ ਬੱਚਿਆਂ ਨੂੰ ਮਿਡ ਡੇ ਮੀਲ (ਦੁਪਹਿਰ ਦਾ ਖਾਣਾ) ਦਿੱਤਾ ਜਾਦਾ ਹੈ। ਜੇਕਰ ਗੱਲ ਜਿਲ੍ਹਾ ਫ਼ਾਜ਼ਿਲਕਾ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ 711 ਸਕੂਲਾਂ ਦੇ 83388 ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਇੰਨ੍ਹਾਂ ਵਿੱਚ 475 ਪ੍ਰਾਈਮਰੀ ਸਕੂਲਾਂ ਦੇ 49564 ਅਤੇ 236 ਅਪਰ ਪ੍ਰਾਈਮਰੀ ਸਕੂਲਾਂ ਦੇ 33824 ਬੱਚੇ ਸ਼ਾਮਿਲ ਹਨ।

ਮਿਡ ਡੇ ਮੀਲ ਸਕੀਮ ਤਹਿਤ ਜਿਲ੍ਹੇ ਦੇ ਸਕੂਲਾਂ ਨੂੰ 1 ਕਰੋੜ 49 ਲੱਖ 8 ਹਜ਼ਾਰ 730 ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਪਹਿਰ ਦਾ ਖਾਣਾ ਸਕੂਲ ਵਿੱਚ ਦੇਣ ਨਾਲ ਬੱਚਿਆਂ ਨੂੰ ਪੌਸਟਿਕ ਖਾਣਾ ਮਿਲਦਾ ਹੈ ਜਿਸ ਨਾਲ ਉਨ੍ਹਾਂ ਦਾ ਸਹੀ ਸ਼ਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ ਅਤੇ ਸਾਡੇ ਇਹ ਬੱਚੇ ਭੱਵਿਖ ਵਿੱਚ ਚੰਗੇ ਪੜ੍ਹੇ ਲਿਖੇ ਅਤੇ ਤੰਦਰੁਸਤ ਨਾਗਰਿਕ ਬਣਨਗੇ। ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਟੇਟ ਮਿਡ ਡੇ ਮੀਲ ਮੋਹਾਲੀ ਤੋ ਮਿਡ ਡੇ ਮੀਲ ਲਈ ਖਰਚਾ ਭਾਵ ਕੁਕਿੰਗ ਕਾਸਟ 8503130 ਦੀ ਰਾਸ਼ੀ ਪ੍ਰਾਪਤ ਹੋ ਗਈ ਹੈ ਜੋ ਕਿ ਸਕੂਲਾਂ ਦੇ ਖਾਤੇ ਵਿੱਚ ਟਰਾਸਫਰ ਕਰਵਾ ਦਿੱਤੇ ਗਏ ਹਨ। ਜਦ ਕਿ ਅਨਾਜ ਪਹਿਲਾਂ ਹੀ ਇੰਨ੍ਹਾਂ ਸਕੂਲਾਂ ਵਿੱਚ ਪੁੱਜਦਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਇਹ ਯੋਜਨਾ ਬੱਚਿਆਂ ਨੂੰ ਉਚ ਗੁਣਵਤਾ ਵਾਲਾ ਪੋਸ਼ਟਿਕ ਭੋਜਨ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਡ ਡੇ ਮੀਲ ਤਹਿਤ ਪ੍ਰਾਇਮਰੀ ਸਕੂਲ ਨੂੰ 4 ਰੁਪਏ 48 ਪੈਸੇ ਅਤੇ ਅਪਰ-ਪ੍ਰਾਇਮਰੀ ਨੂੰ 6 ਰੁਪਏ 71 ਪੈਸੇ ਪ੍ਰਤੀ ਵਿਦਿਆਰਥੀ ਅਨੁਸਾਰ ਖਰਚਾ ਦਿੱਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਨਿਰਧਾਰਤ ਮੀਨੂੰ ਅਤੇ ਮਿਕਦਾਰ ਅਨੁਸਾਰ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਫਤੇ 'ਚ ਇੱਕ ਦਿਨ ਬੱਚਿਆਂ ਨੂੰ ਖੀਰ ਵੀ ਖਵਾਈ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮਾਂ ਨੂੰ ਸਕੂਲਾਂ ਵਿੱਚ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਦਾ ਸਮੇਂ-ਸਮੇਂ 'ਤੇ ਚੈਕਅਪ ਅਤੇ ਲੋੜ ਅਨੁਸਾਰ ਦਵਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਖਾਸ ਕਰਕੇ ਲੜਕੀਆਂ ਵਿੱਚ ਲੋਹੇ ਤੱਤ ਦੀ ਘਾਟ ਇਕ ਮੁੱਖ ਸਮੱਸਿਆ ਹੁੰਦੀ ਹੈ ਜਿਸ ਕਾਰਨ ਇੰਨ੍ਹਾਂ ਬੱਚਿਆ ਦਾ ਸਹੀ ਸ਼ਰੀਰਕ ਅਤੇ ਬੌਧਿਕ ਵਿਕਾਸ ਨਹੀਂ ਹੁੰਦਾ ਹੈ। ਇਸ ਲਈ ਸਰਕਾਰ ਵੱਲੋਂ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਹਰ ਹਫਤੇ ਆਇਰਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਤੰਦਰੁਸਤ ਹੋ ਸਕੇ।