ਤੇਜ਼ਾਬੀ ਹਮਲੇ ਜਾਰੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 06 2020 11:29
Reading time: 1 min, 54 secs

ਦੇਸ਼ 'ਚ ਹੋਏ ਕਈ ਤੇਜ਼ਾਬੀ ਹਮਲਿਆਂ ਤੋਂ ਬਾਅਦ ਅਜਿਹਾ ਕਾਰਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਅਜਿਹਾ ਮੁੜ ਨਾ ਹੋਵੇ ਜਾਂ ਫਿਰ ਇਸਦੀ ਸ਼ਿਕਾਰ ਕੋਈ ਲੜਕੀ/ਮਹਿਲਾ ਨਾ ਹੋਵੇ ਇਸਦੇ ਲਈ ਲੋਕ ਸੜਕਾਂ 'ਤੇ ਉੱਤਰੇ ਅਤੇ ਸਰਕਾਰ ਨੇ ਲੋਕਾਂ ਦੇ ਇਸ ਰੋਸ ਅਤੇ ਦਬਾਅ ਤੋਂ ਬਾਅਦ ਸਖ਼ਤੀ ਕਰਕੇ ਤੇਜ਼ਾਬ ਦੀ ਵਿਕਰੀ 'ਤੇ ਸਖ਼ਤ ਪਾਬੰਦੀ ਲਾ ਦਿੱਤੀ ਅਤੇ ਤੇਜ਼ਾਬ ਦੀ ਵਰਤੋਂ ਕਰਨ ਵਾਲਿਆਂ ਨੂੰ ਇਸਦਾ ਪੂਰਾ ਬਿਉਰਾ ਰੱਖਣ ਦੀ ਹਦਾਇਤ ਜਾਰੀ ਕੀਤੀ, ਪਰ ਇਸ ਤੋਂ ਬਾਅਦ ਵੀ ਵੇਖਣ 'ਚ ਆਇਆ ਕਿ ਤੇਜ਼ਾਬ ਸੁੱਟਣ ਦੇ ਮਾਮਲੇ ਸਾਹਮਣੇ ਆਏ ਅਤੇ ਕਈ ਲੜਕੀਆਂ ਇਸਦਾ ਸ਼ਿਕਾਰ ਹੋ ਕੇ ਪੂਰੀ ਜ਼ਿੰਦਗੀ ਲਈ ਆਪਣੀ ਸੂਰਤ ਕਿਸੇ ਨੂੰ ਵਿਖਾਉਣ ਜੋਗੀਆਂ ਨਹੀਂ ਰਹੀਆਂ, ਪਰ ਕਈ ਪੀੜਿਤਾਂ ਦੀ ਹਿੰਮਤ ਅਤੇ ਜ਼ਿੰਦਗੀ ਜਿਊਣ ਦੀ ਚਾਹਤ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੀ ਹੈ ਅਤੇ ਉਨ੍ਹਾਂ ਦੀ ਇਸ ਹਿੰਮਤ ਕਰਕੇ ਤੇਜ਼ਾਬ ਸੁੱਟਣ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਡੱਕਿਆ ਜਾ ਸਕਿਆ ਹੈ। ਲੋਕਾਂ ਵੱਲੋਂ ਇਸ ਨੂੰ ਲੈ ਕੇ ਕਾਨੂੰਨ 'ਚ ਸਖ਼ਤ ਸਜਾ ਦਾ ਪ੍ਰਾਵਧਾਨ ਹੋਵੇ ਇਸਦੀ ਮੰਗ ਕੀਤੀ ਜਾ ਰਹੀ ਹੈ।

ਹੁਣ ਲੋਕਾਂ ਨੂੰ ਤੇਜ਼ਾਬ ਪੀੜਤਾਂ ਦੇ ਦਰਦ, ਸੰਘਰਸ਼ ਨੂੰ ਫ਼ਿਲਮ ਰਾਹੀਂ ਵਿਖਾਉਣ ਲਈ ਫ਼ਿਲਮ ਬਣਾਈ ਗਈ ਹੈ ਜਿਸਦਾ ਨਾਮ 'ਛਪਾਕ' ਰੱਖਿਆ ਗਿਆ ਹੈ ਅਤੇ ਇਸ ਵਿੱਚ ਮੁੱਖ ਕਿਰਦਾਰ ਦੇ ਰੂਪ 'ਚ ਦੀਪਿਕਾ ਪਾਦੁਕੋਣ ਨਜ਼ਰ ਆਵੇਗੀ। ਇਸ ਫ਼ਿਲਮ ਦੇ 10 ਜਨਵਰੀ ਨੂੰ ਰਿਲੀਜ਼ ਹੋਣ ਦੀ ਉਮੀਦ ਹੈ ਅਤੇ ਪਾਦੁਕੋਣ ਵੱਲੋਂ ਇਸ ਫ਼ਿਲਮ 'ਚ ਲੋਕਾਂ, ਦਰਸ਼ਕਾਂ ਨੂੰ ਤੇਜ਼ਾਬ ਪੀੜਿਤਾਂ ਦੇ ਦਰਦ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਫ਼ਿਲਮ ਖ਼ਾਸ ਤੌਰ 'ਤੇ ਦਿੱਲੀ ਵਿਖੇ ਵਾਪਰੀ ਇੱਕ ਸੱਚੀ ਘਟਨਾ 'ਤੇ ਅਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਨੂੰ ਬਣਾਉਣ ਅਤੇ ਇਸ ਵਿੱਚ ਆਪਣੇ ਕਿਰਦਾਰ ਨੂੰ ਹੋਰ ਬਿਹਤਰ ਬਣਾਉਣ ਲਈ ਦੀਪਿਕਾ ਨੇ ਤੇਜ਼ਾਬ ਪੀੜਿਤ ਲੜਕੀ ਨਾਲ ਮੁਲਾਕਾਤ ਕੀਤੀ, ਉਸਦੇ ਜੀਵਨ ਬਾਰੇ ਅਹਿਮ ਗੱਲਾਂ ਨੂੰ ਆਪਣੇ ਕਿਰਦਾਰ 'ਚ ਨਿਭਾਉਣ ਲਈ ਜਾਣਕਾਰੀ ਲਈ ਅਤੇ ਹੋਰ ਤੇਜ਼ਾਬ ਪੀੜਿਤਾਂ ਦੇ ਉਨ੍ਹਾਂ ਆਪਬੀਤੀ ਨੂੰ ਸੁਣਿਆ ਜੋ ਮੀਡੀਆ 'ਚ ਆਈਆਂ।

ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਸਮਾਜ 'ਚ ਤੇਜ਼ਾਬ ਲੜਕੀਆਂ/ਮਹਿਲਾਵਾਂ 'ਤੇ ਕੁਝ ਸਿਰਫਿਰਿਆਂ ਵੱਲੋਂ ਸਿਰਫ਼ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਸੁੱਟਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਜੇਕਰ ਅਜਿਹਾ ਕੁਝ ਉਨ੍ਹਾਂ ਦੇ ਪਰਿਵਾਰ ਦੀ ਕਿਸੀ ਮਹਿਲਾ ਮੈਂਬਰ ਨਾਲ ਵਾਪਰੇ ਤਾਂ ਉਨ੍ਹਾਂ ਦੇ ਦਿਲ 'ਤੇ ਕੀ ਬੀਤੇਗੀ, ਇਸ ਲਈ ਅਜਿਹੀ ਸੌੜੀ ਸੋਚ ਅਤੇ ਘਟੀਆ ਮਾਨਸਿਕਤਾ ਰੱਖਣ ਵਾਲੇ ਨੌਜਵਾਨਾਂ ਨੂੰ ਸਮਝਦਾਰੀ ਨਾਲ ਕੰਮ ਲੈਣ ਦੀ ਲੋੜ ਹੈ ਉੱਥੇ ਹੀ ਸਰਕਾਰਾਂ ਨੂੰ ਵੀ ਤੇਜ਼ਾਬ ਮਾਮਲਿਆਂ 'ਚ ਸਖ਼ਤ ਕਾਨੂੰਨੀ ਕਾਰਵਾਈ, ਸਜਾ ਦਾ ਪ੍ਰਾਵਧਾਨ ਲਿਆਉਣ ਦੀ ਲੋੜ ਹੈ ਤਾਂ ਜੋ ਹੋਰਾਂ ਨੂੰ ਸਬਕ ਮਿਲੇ।