ਹਲਕੀ ਬੂੰਦਾਂਬਾਂਦੀ ਨਾਲ ਠੰਡਕ 'ਚ ਹੋਇਆ ਵਾਧਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2020 15:15
Reading time: 1 min, 8 secs

ਮੌਸਮ ਨੇ ਇੱਕ ਵਾਰੀ ਫਿਰ ਕਰਵਟ ਲੈ ਲਈ ਹੈ ਅਤੇ ਮੌਸਮ 'ਚ ਬੂੰਦਾਂਬਾਂਦੀ ਤੋਂ ਬਾਅਦ ਮੌਸਮ ਠੰਡਾ ਹੋ ਗਿਆ ਹੈ ਜਦ ਕਿ ਬੀਤੇ ਦੋ-ਤਿੰਨ ਦਿਨਾਂ ਦੌਰਾਨ ਨਿਕਲੀ ਧੁੱਪ ਕਰਕੇ ਪਾਰਾ ਚੜ੍ਹਿਆ ਸੀ ਅਤੇ ਲੋਕਾਂ ਸਮੇਤ ਪਸ਼ੂ-ਪੰਛੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਸੀ। ਅੱਜ ਸਵੇਰ ਤੋ ਹੀ ਮੌਸਮ ਘੁਲਿਆ ਹੋਇਆ ਸੀ ਅਤੇ ਲੋਕ ਧੁੱਪ ਨਿਕਲਣ ਦੀ ਆਸ ਲਾਈ ਬੈਠੇ ਸਨ। ਜਾਣਕਾਰੀ ਅਨੁਸਾਰ ਮੌਸਮ 'ਚ ਬਦਲਾਵ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਜਿਸ ਤਰ੍ਹਾਂ ਨਾਲ ਬੀਤੇ ਦਿਨਾਂ 'ਚ ਸੰਘਣੀ ਧੁੰਦ ਅਤੇ ਪਾਰਾ 3-4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਉਸਨੂੰ ਵੇਖਦਿਆਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਸਿਲਸਿਲਾ ਜਾਰੀ ਰਹਿ ਸਕਦਾ ਹੈ ਪ੍ਰੰਤੂ ਬੀਤੇ ਦੋ-ਤਿੰਨ ਦਿਨਾਂ ਦੌਰਾਨ ਜਿਸ ਤਰੀਕੇ ਨਾਲ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਉਸਨੇ ਠੰਡ ਦੇ ਜਾਣ ਵੱਲ ਇਸ਼ਾਰਾ ਕੀਤਾ ਸੀ ਪਰ ਅੱਜ ਸਵੇਰੇ ਮੌਸਮ ਨੇ ਕਰਵਟ ਲਈ ਅਤੇ ਸੂਬਾ ਪੰਜਾਬ ਸਮੇਤ ਨਾਲ ਲਗਦੇ ਸੂਬਿਆਂ ਦੇ ਕਈ ਇਲਾਕਿਆਂ 'ਚ ਹਲਕੀ ਬੂੰਦਾਬਾਂਦੀ ਅਤੇ ਸੂਰਜ ਦੇਵਤਾ ਦੇ ਨਜ਼ਰ ਨਾ ਆਉਣ ਨਾਲ ਠੰਡ 'ਚ ਮੁੜ ਇਜ਼ਾਫਾ ਹੋ ਗਿਆ ਹੈ। ਉੱਧਰ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਵੱਲ ਵੇਖਿਆ ਜਾਵੇ ਤਾਂ ਐਤਵਾਰ ਅਤੇ ਸੋਮਵਾਰ ਨੂੰ ਹਲਕੀ ਬੂੰਦਾਬਾਂਦੀ ਹੋਣੀ ਦੱਸੀ ਗਈ ਹੈ ਅਤੇ ਇਸ ਤੋ ਬਾਅਦ ਮੌਸਮ ਸਾਫ਼ ਦੱਸਿਆ ਜਾ ਰਿਹਾ ਹੈ ਪਰ ਇਸ ਦੌਰਾਨ ਮੌਸਮ 'ਚ ਠੰਡਕ ਬਰਕਰਾਰ ਰਹਿਣਾ ਵੀ ਦੱਸਿਆ ਗਿਆ ਹੈ, ਬਸ ਲੋਕਾਂ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਸੋਮਵਾਰ ਤੋ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਹੋ ਸਕਦੇ ਹਨ ਜਿਸਦੀ ਉਡੀਕ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।