ਸਿੱਧੂ ਦੀ ਚੁੱਪੀ ਬਣੀ ਚਰਚਾ ਦਾ ਵਿਸ਼ਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 05 2020 15:10
Reading time: 1 min, 29 secs

ਬੇਸ਼ਕ ਉਹ ਕ੍ਰਿਕੇਟ ਦਾ ਮੈਦਾਨ ਹੋਵੇ ਜਾਂ ਫਿਰ ਫਿਲਮੀ ਪਰਦਾ ਤੇ ਜਾਂ ਸਿਆਸੀ ਅਖਾੜਾ, ਨਵਜੋਤ ਸਿੰਘ ਸਿੱਧੂ ਆਪਣੀ ਬੇਬਾਕੀ ਅਤੇ ਸ਼ਾਇਰਾਨਾ ਅੰਦਾਜ਼ ਕਰਕੇ ਹਮੇਸ਼ਾ ਹੀ ਚਰਚਾ 'ਚ ਰਹੇ ਹਨ ਪ੍ਰੰਤੂ ਪਿਛਲੇ ਕਾਫੀ ਸਮੇਂ ਤੋਂ ਸਿੱਧੂ ਦੇ ਪਾਕਿਸਤਾਨ ਦੌਰੇ, ਉੱਥੇ ਦੇ ਵਜੀਰ-ਏ-ਅਜਾਮ ਇਮਰਾਨ ਖਾਨ ਨਾਲ ਦੋਸਤੀ, ਜਨਰਲ ਬਾਜਵਾ ਨਾਲ ਗਲਵਕੜੀ, ਕਰਤਾਰਪੁਰ ਕੋਰੀਡੋਰ ਮਾਮਲੇ 'ਚ ਉਹ ਸੁਰਖੀਆਂ 'ਚ ਰਹੇ ਹਨ ਅਤੇ ਉਸ ਤੋ ਬਾਅਦ ਸੂਬਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੱਟੇ ਹੋਏ ਰਿਸ਼ਤਿਆਂ ਤੋਂ ਬਾਅਦ ਉਨ੍ਹਾਂ ਦੀ ਚੁੱਪੀ ਵੀ ਚਰਚਾ 'ਚ ਰਹੀ ਹੈ।

ਹੁਣ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ 'ਤੇ ਮੁਸਲਿਮ ਸਮੁਦਾਏ ਵੱਲੋਂ ਕੀਤੀ ਗਈ ਪਥਰਬਾਜੀ, ਸਿਖਾਂ ਖਿਲਾਫ਼ ਨਫਰਤ ਭਰੇ ਅਲਫਾਜਾਨ ਕਰਕੇ ਮਾਹੋਲ ਤਨਾਵ ਵਾਲਾ ਬਣਿਆ ਹੋਇਆ ਹੈ ਅਤੇ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਹਰ ਵਰਗ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਸਿੱਖ ਸਮਾਜ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਥਾਂ ਥਾਂ 'ਤੇ ਪਾਕਿਸਤਾਨ ਦੇ ਕੌਮੀ ਝੰਡੇ ਨੂੰ ਫੂਕਿਆ ਜਾ ਰਿਹਾ ਹੈ ਅਜਿਹੇ 'ਚ ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਚੁੱਪੀ ਨੂੰ ਲੈ ਕੇ ਸਿਆਸੀ ਆਗੂਆਂ ਅਤੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਆਖਰ ਸਿੱਧੂ ਚੁੱਪ ਕਿਉਂ ਹਨ ? ਕਿੱਥੇ ਗਈ ਉਨ੍ਹਾਂ ਦੀ ਇਮਰਾਨ ਨਾਲ ਯਾਰੀ ?

ਅਜਿਹੇ 'ਚ ਹੁਣ ਸਿੱਧੂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਆਖਰ ਉਹ ਸਿਖਾਂ ਦੇ ਨਾਲ, ਪੰਜਾਬ ਦੇ ਨਾਲ ਖੇਡ ਹਨ ਜਾਂ ਫਿਰ ਪਾਕਿਸਤਾਨ ਦੇ ਨਾਲ ਉਨ੍ਹਾਂ ਨੇ ਆਪਣਾ ਰਿਸ਼ਤਾ ਹੀ ਜੋੜ ਲਿਆ ਹੈ ਜਿਸ ਕਰਕੇ ਉਹ ਸਿਖਾਂ ਦੇ ਪਵਿੱਤਰ ਅਸਥਾਨ 'ਤੇ ਹੋਏ ਹਮਲੇ ਤੋ ਬਾਅਦ ਵੀ ਚੁੱਪ ਹਨ ? ਇੱਥੇ ਸਿੱਧੂ ਨੂੰ ਇਸ ਪੂਰੇ ਮਾਮਲੇ 'ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਨ ਲਈ ਮੀਡੀਆ ਨਾਲ ਮੁਖਾਤਿਬ ਹੋਣਾ ਹੀ ਪੈਣਾ ਹੈ ਨਹੀਂ ਤਾਂ ਉਨ੍ਹਾਂ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਪੈਦਾ ਹੋ ਰਹੇ ਸਵਾਲ ਦਾ ਜਵਾਬ ਲੋਕ ਆਪ ਹੀ ਲਾਭ ਲੈਣਗੇ ਜੋ ਸਿੱਧੂ ਦੇ ਸਿਆਸੀ ਸਫ਼ਰ 'ਚ ਕਈ ਤਰ੍ਹਾਂ ਦੀਆਂ ਅੜਚਨਾ ਪੈਦਾ ਕਰ ਸਕਦੇ ਹਨ।