18 ਤੋਂ ਚਲਾਇਆ ਜਾਵੇਗਾ ''ਅਨੀਮੀਆ ਮੁਕਤ ਭਾਰਤ'' ਅਭਿਆਨ

Last Updated: Sep 17 2019 17:11
Reading time: 0 mins, 57 secs

ਦੇਸ਼ ਨੂੰ ਅਨੀਮੀਆ ਮੁਕਤ ਬਣਾਉਣ ਲਈ ਜ਼ਿਲ੍ਹੇ ਵਿੱਚ 18 ਸਤੰਬਰ ਤੋਂ ''ਅਨੀਮੀਆ ਮੁਕਤ ਭਾਰਤ'' ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਹਿਤ ਅਨੀਮੀਆ ਜਾਂਚ ਕੈਂਪ ਲਗਾ ਕੇ ਲਗਭਗ 150 ਗਰਭਵਤੀ ਮਾਵਾਂ, 150 ਬੱਚਿਆਂ ਅਤੇ ਕਿਸ਼ੋਰਾਂ ਦੇ ਖੂਨ ਦੀ ਜਾਂਚ ਕਰਕੇ ਉਨ੍ਹਾਂ ਦੇ ਐਚ.ਬੀ. ਲੈਵਲ ਦਾ ਪਤਾ ਲਗਾਇਆ ਜਾਵੇਗਾ। ਇਸ ਉਪਰੰਤ ਏ.ਐਨ.ਸੀ. ਚੈਕਅੱਪ ਦੌਰਾਨ ਐਚ.ਬੀ. ਟੈਸਟ ਯਕੀਨੀ ਬਣਾਏ ਜਾਣਗੇ। ਇਹ ਜਾਣਕਾਰੀ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦਿੱਤੀ ਸਿਵਲ ਸਰਜਨ ਨੇ ਦੱਸਿਆ ਕਿ ਗਰਭਵਤੀ ਮਾਵਾਂ ਵਿੱਚ ਖੂਨ ਦੀ ਘਾਟ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਇਹ ਜਾਂਚ ਪ੍ਰਕਿਰਿਆ ਅਗਲੇ 45 ਦਿਨ ਤੱਕ ਇਸ ਅਭਿਆਨ ਤਹਿਤ ਜਾਰੀ ਰਹੇਗੀ ਤਾਂ ਜੋ ਗਰਭਵਤੀ ਮਾਵਾਂ ਨੂੰ ਜਣੇਪੇ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਗਰਭਵਤੀ ਔਰਤਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਸੰਤੁਲਿਤ ਭੋਜਨ, ਹਲਕੀ ਕਸਰਤ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਲਈ ਵੀ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਨਾਲ ਨਾਲ ਆਂਗਣਵਾੜੀ ਵਰਕਰ, ਸਿੱਖਿਆ ਵਿਭਾਗ, ਪੰਚਾਇਤਾਂ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭਪਾਤਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਕਰਨ ਤੋਂ ਬਾਅਦ ਗਰਭਵਤੀ ਮਾਵਾਂ ਅਤੇ ਬੱਚਿਆਂ/ਕਿਸ਼ੋਰਾਂ ਨੂੰ ਉਨ੍ਹਾਂ ਦੇ ਐਚ.ਬੀ. ਲੈਵਲ ਮੁਤਾਬਿਕ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਸਹੀ ਖਾਣਪਾਣ (ਪੋਸ਼ਣ) ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।