ਖੇਤੀਬਾੜੀ ਦੇ ਧੰਦੇ ਦੌਰਾਨ ਹਾਦਸਾਗ੍ਰਸਤ ਵਿਅਕਤੀਆਂ ਤੇ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋ ਰਹੀ ਯੋਜਨਾ 

Last Updated: Sep 17 2019 15:07
Reading time: 1 min, 45 secs

ਸੂਬਾ ਸਰਕਾਰ ਖੇਤੀਬਾੜੀ ਧੰਦੇ ਨਾਲ ਜੁੜੇ ਵਿਅਕਤੀਆਂ ਦਾ ਮਿਆਰ ਉੱਚਾ ਚੁੱਕਣ ਦੇ ਨਾਲ-ਨਾਲ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਉਪਰਾਲੇ ਕਰ ਰਹੀ ਹੈ। ਖੇਤੀ ਦਾ ਕੰਮ ਕਰਦੇ ਹੋਏ ਕਈ ਵਾਰ ਕਿਸੇ ਕਾਰਨ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਥਰੈਸ਼ਰ (ਖੇਤੀਬਾੜੀ ਮਸ਼ੀਨਰੀ ਹਾਦਸਿਆਂ ਗ੍ਰਸਤ) ਵਿਸ਼ੇਸ਼ ਸਕੀਮ ਚਲਾਈ ਜਾਂਦੀ ਹੈ। ਇਸ ਵਿੱਚ ਹਾਦਸੇ ਵਿੱਚ ਹੋਏ ਨੁਕਸਾਨ ਦੇ ਵੱਖ-ਵੱਖ ਵਰਗਾਂ ਤਹਿਤ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਿੱਤੀ ਵਰ੍ਹੇ 2018-19 ਦੌਰਾਨ ਮਾਰਕੀਟ ਕਮੇਟੀ ਨੂੰ ਪ੍ਰਾਪਤ ਹੋਏ 7 ਕੇਸਾਂ ਦੇ 4 ਲੱਖ ਰੁਪਏ ਦੀ ਅਦਾਇਗੀ ਖੇਤੀ ਕਰਦੇ ਸਮੇਂ ਹੋਏ ਹਾਦਸਿਆਂ ਦੌਰਾਨ ਵਿਅਕਤੀਆਂ ਨੂੰ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਸ. ਸਵਰਨ ਸਿੰਘ ਨੇ ਦਿੱਤੀ। ਉਨ੍ਹਾਂ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਖੇਤੀ ਕਰਦੇ ਸਮੇਂ ਹਾਦਸਿਆਂ ਵਿੱਚ ਹੋਏ ਨੁਕਸਾਨ ਦੀ ਸਥਿਤੀ ਅਨੁਸਾਰ ਸਹਾਇਤਾ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਮਸ਼ੀਨਰੀ ਚਲਾਉਂਦੇ ਸਮੇਂ 1 ਉਂਗਲ ਵੱਡੀ ਜਾਣ 'ਤੇ 10 ਹਜ਼ਾਰ ਰੁਪਏ, 2 ਉਂਗਲਾਂ ਵੱਡੀ ਜਾਣ 'ਤੇ 20 ਹਜ਼ਾਰ ਰੁਪਏ, 3 ਉਂਗਲਾਂ ਵੱਡੇ ਜਾਣ 'ਤੇ 30 ਹਜ਼ਾਰ ਰੁਪਏ, 4 ਜਾਂ ਪੂਰਾ ਪੰਜਾ ਵੱਡੇ ਜਾਣ 'ਤੇ 40 ਹਜ਼ਾਰ ਰੁਪਏ ਅਤੇ ਖੇਤੀ ਦਾ ਕੰਮ ਕਰਦੇ ਸਮੇਂ ਵਿਅਕਤੀ ਦੀ ਕਿਸੇ ਕਾਰਨ ਮੌਤ ਹੋਣ 'ਤੇ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਖੇਤ ਵਿੱਚ ਸੱਪ ਦੇ ਡੰਗਣ ਨਾਲ ਮੌਤ, ਮੰਡੀ ਅਤੇ ਖੇਤ ਵਿੱਚ ਕੰਮ ਕਰਦੇ ਹੋਏ ਮੌਤ, ਖੇਤ ਵਿੱਚ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਨਾਲ ਮੌਤ, ਖੇਤ ਵਿੱਚ ਸਪਰੇਅ ਕਰਦੇ ਹੋਏ ਸਪਰੇਅ ਚੜ੍ਹਨ ਨਾਲ ਮੌਤ, ਮੰਡੀ ਅਤੇ ਖ਼ਰੀਦ ਕੇਂਦਰਾਂ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਸਮੇਂ ਮੌਤ ਜਾਂ ਹਾਦਸਾ ਹੋਣ ਦੀ ਸੂਰਤ ਵਿੱਚ ਵਰਗ ਅਧੀਨ ਹੋਏ ਨੁਕਸਾਨ ਦੀ ਅਦਾਇਗੀ ਸਬੰਧਿਤ ਪਰਿਵਾਰਕ ਮੈਂਬਰਾਂ ਨੂੰ ਕੀਤੀ ਜਾਂਦੀ ਹੈ।

ਇਹ ਅਦਾਇਗੀ ਵਿਭਾਗ ਵੱਲੋਂ ਬਣੀ ਕਮੇਟੀ ਦੇ ਮੈਂਬਰਾਂ ਵੱਲੋਂ ਪੂਰੇ ਹਾਦਸੇ ਦੀ ਪੜਤਾਲ ਕਰਨ ਉਪਰੰਤ ਸਬੰਧਿਤ ਨੂੰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਚਲਾਉਣ ਦਾ ਮੰਤਵ ਹੈ ਕਿ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਹਾਦਸਾਗ੍ਰਸਤ ਵਿਅਕਤੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਪੱਖੋਂ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਨਾਲ ਜੁੜੇ ਵਿਅਕਤੀਆਂ ਤੇ ਕਿਸਾਨਾਂ ਲਈ ਸਮੇਂ-ਸਮੇਂ 'ਤੇ ਲੋਕ ਭਲਾਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਆਰਥਿਕ ਪੱਖੋਂ ਵਿਕਾਸ ਹੋ ਸਕੇ ਤੇ ਕਿਸਾਨ ਵਰਗ ਆਪਣੇ ਆਪ ਨੂੰ ਕਮਜ਼ੋਰ ਨਾ ਸਮਝ ਸਕੇ।