ਮਜ਼ਦੂਰ ਦੀ ਫਾਹੇ ਨਾਲ ਲਟਕਦੀ ਲਾਸ਼ ਘਰ ਦੇ ਕਮਰੇ 'ਚੋਂ ਮਿਲੀ

Last Updated: Jun 16 2019 17:42
Reading time: 1 min, 9 secs

ਇੱਕ ਵਿਅਕਤੀ ਦੀ ਲਾਸ਼ ਉਸਦੇ ਹੀ ਘਰ ਦੇ ਕਮਰੇ 'ਚ ਫਾਹੇ ਨਾਲ ਲਟਕਦੀ ਹੋਈ ਮਿਲੀ ਹੈ। ਪਰਿਵਾਰ ਮੈਂਬਰਾਂ ਨੂੰ ਜੱਦ ਇਸਦਾ ਪਤਾ ਚਲਿਆ ਤਾਂ ਉਨ੍ਹਾਂ ਇਸਦੀ ਸੂਚਨਾ ਸਬੰਧਤ ਪੁਲਿਸ ਥਾਣੇ ਅਤੇ ਆਪਣੇ ਆਲੇ ਦੁਆਲੇ ਦੇ ਰਹਿੰਦੇ ਲੋਕਾਂ ਨੂੰ ਦਿਤੀ। ਲੋਕਾਂ ਨੇ ਪਹੁੰਚ ਕੇ ਪਰਿਵਾਰ ਨੂੰ ਹੌਂਸਲਾ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਉਸਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੌਲਤ ਪੁਰਾ ਦੇ ਇੱਕ ਘਰ 'ਚ ਅੱਜ ਫਾਹੇ ਨਾਲ ਲਟਕਦੀ ਲਾਸ਼ ਹੋਣ ਦੀ ਸੂਚਨਾ ਪੁਲਿਸ ਨੂੰ ਲੱਗੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਪੁਲਿਸ ਨੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਮ੍ਰਿਤਕ ਦੀ ਪਹਿਚਾਨ ਘਰ ਦੇ ਮੁਖੀ 41 ਸਾਲਾਂ ਗੁਰਜਿੰਦਰ ਸਿੰਘ ਪੁੱਤਰ ਨਰੈਣਾ ਰਾਮ ਵੱਜੋ ਹੋਇਆ ਹੈ। ਪਤਾ ਚਲਿਆ ਹੈ ਕਿ ਮ੍ਰਿਤਕ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। 

ਦੱਸਿਆ ਇਹ ਵੀ ਜਾਂਦਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਕਾਰਨ ਆਰਥਿਕ ਕਮਜ਼ੋਰੀ ਨੂੰ ਦੱਸਿਆ ਜਾਂਦਾ ਹੈ। ਅੱਜ ਸਵੇਰੇ ਘਰ ਵਿਚ ਉਸ ਤੋ ਇਲਾਵਾ ਕੋਈ ਨਹੀਂ ਸੀ ਪਰ ਜੱਦ ਪਰਿਵਾਰ ਦੇ ਮੈਂਬਰ ਵਾਪਸ ਘਰ ਪਰਤੇ ਤਾਂ ਉਨ੍ਹਾਂ ਨੇ ਫਾਹੇ ਨਾਲ ਲਟਕਦੀ ਲਾਸ਼ ਵੇਖ ਕੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ ਅਤੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।