ਬਾਹਰਲੇ ਸੂਬਿਆਂ ਤੋਂ ਆਈ ਕਣਕ ਨੇ ਪਾ'ਤੇ ਖ਼ਲਾਰੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਨੂੰ ਹੌਲੀ ਹੌਲੀ ਪੂਰੇ ਮੁਲਕ ਦੇ ਅੰਦਰ ਲਾਗੂ ਕੀਤਾ ਜਾ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲਦੇ ਮੋਰਚੇ ਨੂੰ ਖ਼ਤਮ ਕਰਨ ਦੀਆਂ ਚਾਲਾਂ ਲਗਾਤਾਰ ਚੱਲੀਆਂ ਜਾ ਰਹੀਆਂ ਹਨ। ਸਰਕਾਰ ਦੁਆਰਾ ਹੁਣ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ, ਹੋਰਨਾਂ ਸੂਬਿਆਂ ਤੋਂ ਕਣਕ ਦੇ ਨਾਲ ਭਰੇ ਟਰੱਕ ਪੰਜਾਬ ਭੇਜੇ ਜਾ ਰਹੇ ਹਨ ਤਾਂ ਜੋ ਕਣਕ ਦੀ ਇੱਥੇ ਸਹੀ ਭਾਅ ਵਿਕਰੀ ਹੋ ਸਕੇ, ਪਰ ਪੰਜਾਬ ਦੇ ਕਿਸਾਨਾਂ ਵੱਲੋਂ ਇਨ੍ਹਾਂ ਟਰੱਕਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। 

ਜਾਣਕਾਰੀ ਮੁਤਾਬਿਕ, ਬਾਹਰਲੇ ਸੂਬਿਆਂ ਤੋਂ ਪੰਜਾਬ ਦੇ ਅੰਦਰ ਕਣਕ ਵੇਚਣ ਦੀ ਕੋਸ਼ਿਸ਼ ਕਰ ਰਹੇ ਤਿੰਨ ਵੱਡੇ ਘਰਾਣਿਆਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਪਰਚੇ ਦਰਜ ਕਰਵਾਏ ਹਨ। ਇਸ ਦੀ ਪੁਸ਼ਟੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤੀ ਹੈ। ਉਨ੍ਹਾਂ ਮੁਤਾਬਿਕ, ਬਠਿੰਡਾ ਦੀ ਦਾਣਾ ਮੰਡੀ ਵਿੱਚ ਸਥਿਤ ਮੈਸ: ਬਾਬੂ ਰਾਮ ਅਸੋਕ ਕੁਮਾਰ ਅਤੇ ਲਕਸਮੀ ਆਇਲ ਮਿੱਲ ਦੀ ਫੜ 'ਤੇ 8000 ਦੇ ਕਰੀਬ ਗੱਟੇ ਕਣਕ ਪਏ ਹੋਏ ਸਨ।

ਜਿਸ 'ਤੇ ਉੱਥੇ ਮੌਜੂਦ ਲੇਬਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇਹ ਕਣਕ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਘੱਟ ਭਾਅ 'ਤੇ ਖਰੀਦ ਕੇ ਲਿਆਂਦੀ ਗਈ ਹੈ ਅਤੇ ਇਥੇ ਐੱਮ.ਐੱਸ. ਪੀ. 'ਤੇ ਵੇਚੀ ਜਾਣੀ ਹੈ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਫਰਮਾਂ ਦੇ ਗੁਦਾਮਾਂ ਤੋਂ 17000 ਗੱਟੇ ਕਣਕ ਬਰਾਮਦ ਕੀਤੇ ਗਏ। ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਦੀ ਇੱਕ ਮੰਡੀ ਵਿੱਚ ਸਥਿਤ ਕਿਸ਼ਨ ਟ੍ਰੇਡਿੰਗ ਕੰਪਨੀ ਦੇ ਫੜ ਤੋਂ ਵੀ 8000-9000 ਗੱਟੇ ਬਰਾਮਦ ਹੋਏ ਹਨ। 

ਇਨ੍ਹਾਂ ਤਿੰਨਾਂ ਫ਼ਰਮਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਦੂਜੇ ਪਾਸੇ, ਕਿਸਾਨਾਂ ਨੇ ਇਨ੍ਹਾਂ ਫ਼ੜੇ ਗਏ ਕਣਕ ਦੇ ਨਾਲ ਭਰੇ ਟਰੱਕਾਂ ਦਾ ਸੂਬਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ 'ਤੇ ਦੋਸ਼ ਮੜਿਆ ਹੈ, ਜਿਨ੍ਹਾਂ ਦੀ ਮਿਲੀਭੁਗਤ ਦੇ ਨਾਲ ਪੰਜਾਬ ਦੇ ਬਾਰਡਰਾਂ ਤੋਂ ਇਹ ਟਰੱਕ ਪੰਜਾਬ ਦੇ ਅੰਦਰ ਐਂਟਰ ਹੋ ਰਹੇ ਹਨ। ਕਿਸਾਨਾਂ ਮੁਤਾਬਿਕ, ਪੰਜਾਬ ਸਰਕਾਰ ਖ਼ੁਦ ਕੇਂਦਰ ਦੇ ਨਾਲ ਮਿਲੀਭੁਗਤ ਕਰਕੇ, ਪੰਜਾਬ ਦੇ ਕਿਸਾਨਾਂ ਨੂੰ ਉਜਾੜਨਾ ਚਾਹੁੰਦੀ ਹੈ।