ਕਿਸਾਨ ਮੋਰਚਾ: ਜਾਮ ਨੇ ਕੀਤੇ ਹੁਕਮਰਾਨ ਜਾਮ!! (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਲੰਘੇ ਸਾਢੇ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਨੂੰ ਤਿਆਰ ਨਹੀਂ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਮੁੱਢ ਤੋਂ ਰੱਦ ਕਰੇ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਰਿਹਾ ਹੈ ਅਤੇ ਆਪਣਾ ਅੜੀਅਲ ਰਵੱਈਆ ਵਿਖਾ ਕੇ, ਕੇਂਦਰ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰਨ 'ਤੇ ਤੁਲੀ ਹੋਈ ਹੈ। 

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇ ਜਾਮ ਕੀਤਾ। ਕਿਸਾਨਾਂ ਮੁਤਾਬਿਕ, ਇਹ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ-ਵੇ 24 ਘੰਟਿਆਂ ਵਾਸਤੇ ਜਾਮ ਕੀਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਪਹਿਲੋਂ ਹੀ ਸਰਕਾਰ ਅਤੇ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਹੋਣ। 

ਪਰ ਸਰਕਾਰ ਆਪਣਾ ਅੜੀਅਲ ਰਵੱਈਆ ਵਿਖਾ ਕੇ, ਕਿਸਾਨਾਂ ਨੂੰ ਸੜਕਾਂ 'ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਇਆ ਜਾਮ ਅਗਲੇ ਦਿਨ ਐਤਵਾਰ 11 ਅਪ੍ਰੈਲ ਸਵੇਰੇ 8 ਵਜੇ ਤਕ ਚੱਲੇਗਾ। ਇਸ ਦੌਰਾਨ ਕੁੰਡਲੀ ਤੇ ਪਲਵਲ ਐਕਸਪ੍ਰੈੱਸ-ਵੇ ਜਾਮ ਰਹੇਗਾ। ਕਿਸਾਨਾਂ ਦਾ ਕਹਿਣਾ ਸੀ ਕਿ 24 ਘੰਟੇ ਤੱਕ ਚੱਲਣ ਵਾਲੇ ਇਸ ਲੰਮੇ ਜਾਮ ਦੌਰਾਨ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਸ ਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਸ ਇੰਤਜਾਮ ਵੀ ਕੀਤੇ ਗਏ ਹਨ। ਇਸ ਤਹਿਤ 24 ਘੰਟੇ ਦੌਰਾਨ ਜਾਮ ਦੌਰਾਨ ਕਈ ਤਰ੍ਹਾਂ ਦੀ ਛੋਟ ਦਿੱਤ ਗਈ ਹੈ। ਇਸ ਦੇ ਤਹਿਤ ਜੇਕਰ ਔਰਤਾਂ ਦੀ ਗੱਡੀ ਫਸ ਜਾਂਦੀ ਹੈ ਤਾਂ ਉਨ੍ਹਾਂ ਹੇਠਾਂ ਉਤਰਨ ਦੀ ਛੂਟ ਹੈ। ਮ੍ਰਿਤਕ-ਵਾਹਨ ਨਹੀਂ ਰੋਕੇ ਜਾਣਗੇ।

ਐਂਬੂਲੈਂਸ ਨੂੰ ਰਸਤਾ ਦਿੱਤਾ ਜਾਵੇਗਾ, ਇਸ ਵਿਚ ਕਿਸਾਨ ਵਰਕਰ ਮਦਦ ਵੀ ਕਰਨਗੇ। ਵਿਆਹ ਵਾਲੀਆਂ ਗੱਡੀਆਂ ਨੂੰ ਬਿਲਕੁਲ ਨਹੀਂ ਰੋਕਿਆ ਜਾਵੇਗਾ। ਦੁੱਧ ਤੇ ਸਬਜੀ ਸਮੇਤ ਹੋਰ ਜਰੂਰੀ ਵਸਤਾਂ ਵਾਲੇ ਵਾਹਨਾਂ ਨੂੰ ਆਵਾਜਾਈ ਦੀ ਛੋਟ ਹੈ।