ਮੁਲਕ ਨੂੰ ਲੁੱਟੀ ਜਾ ਰਹੇ ਨੇ 'ਵੀਆਈਪੀ'!! (ਨਿਊਜ਼ਨੰਬਰ ਖ਼ਾਸ ਖ਼ਬਰ)

ਚੁਣੇ ਹੋਏ ਨੁਮਾਇੰਦਿਆਂ ਨੂੰ ਤਾਂ 'ਵੀਆਈਪੀ' ਜਾਂ ਫਿਰ 'ਵੀਵੀਆਈਪੀ' ਸੁਰੱਖਿਆ ਸਹੂਲਤਾਂ ਮਿਲਣੀਆਂ ਸਾਡੇ ਦੇਸ਼ ਦੇ ਅੰਦਰ ਆਮ ਗੱਲ ਹੈ ਅਤੇ ਇਹ ਕਲਚਰ ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਦੇ ਅੰਦਰ ਚੱਲਦਾ ਆ ਰਿਹਾ ਹੈ, ਪਰ ਦੂਜੇ ਪਾਸੇ ਸੈਂਕੜੇ ਹੀ ਭਾਰਤ ਦੇ ਅੰਦਰ ਲੋਕ ਅਜਿਹੇ ਵੀ ਰਹਿ ਰਹੇ ਹਨ, ਜੋ ਭਾਰਤੀ ਲੋਕਾਂ ਦੇ ਸਿਰ 'ਤੇ ਪਲ ਕੇ, ਭਾਰਤੀ ਲੋਕਾਂ ਨੂੰ ਹੀ ਵੱਢ ਖਾਈ ਜਾ ਰਹੇ ਹਨ।

ਮਤਲਬ ਕਿ 'ਵੀਆਈਪੀ' ਜਾਂ ਫਿਰ 'ਵੀਵੀਆਈਪੀ' ਸੁਰੱਖਿਆ ਸਹੂਲਤਾਂ ਬਟੋਰ ਕੇ ਦੇਸ਼ ਦਾ ਉਜਾੜਾ ਕਰਨ 'ਤੇ ਲੱਗੇ ਹੋਏ ਹਨ। ਭਾਰਤੀ ਅਵਾਮ ਵੱਡੇ ਪੱਧਰ 'ਤੇ ਟੈਕਸ ਅਦਾ ਕਰ ਰਹੀ ਹੈ ਅਤੇ ਟੈਕਸ ਕੋਈ ਅੱਜ ਤੋਂ ਨਹੀਂ, ਬਲਕਿ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ, ਉਦੋਂ ਤੋਂ ਹੀ ਅਵਾਮ ਦੁਆਰਾ ਕੀਤਾ ਜਾ ਰਿਹਾ ਹੈ। ਮਤਲਬ ਕਿ ਲੀਡਰਾਂ ਦੇ ਫ਼ੀਲੇ, ਜਿਹੜੇ ਕਿ 'ਵੀਆਈਪੀ' ਜਾਂ ਫਿਰ 'ਵੀਵੀਆਈਪੀ' ਸੁਰੱਖਿਆ ਸਹੂਲਤਾਂ ਲੈ ਰਹੇ ਹਨ। 

ਜੇਕਰ ਇਨ੍ਹਾਂ ਬਾਰੇ ਪਤਾ ਕੀਤਾ ਜਾਵੇ ਤਾਂ, ਅਰਬਾਂ ਖ਼ਰਬਾਂ ਰੁਪਇਆ ਇਨ੍ਹਾਂ ਲੀਡਰਾਂ ਦੇ ਫ਼ੀਲਿਆ ਦੀ 'ਵੀਆਈਪੀ' ਜਾਂ ਫਿਰ 'ਵੀਵੀਆਈਪੀ' ਸੁਰੱਖਿਆ ਸਹੂਲਤਾਂ 'ਤੇ ਖ਼ਰਚ ਹੋ ਰਿਹਾ ਹੈ। ਦੱਸ ਦਈਏ ਕਿ, ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਅਨੁਸਾਰ, ਸੁਰੱਖਿਆ ਪ੍ਰਾਪਤ ਲੋਕਾਂ ਦੀ ਕੇਂਦਰੀ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਦੇ ਸਾਹਮਣੇ ਜ਼ੌਖਮ ਬਾਰੇ ਕੇਂਦਰੀ ਏਜੰਸੀਆਂ ਦੇ ਮੁਲਾਂਕਣ ਦੇ ਆਧਾਰ 'ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। 

ਇਸ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਸਮੀਖਿਆ ਦੇ ਆਧਾਰ 'ਤੇ ਸੁਰੱਖਿਆ ਕਵਰ ਜਾਰੀ ਰੱਖਣ, ਵਾਪਸ ਲੈਣ ਜਾਂ ਸੋਧ ਕਰਨ ਦਾ ਫ਼ੈਸਲਾ ਹੁੰਦਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ 230 ਲੋਕਾਂ ਦੇ ਨਾਂਅ ਇਸ ਕੇਂਦਰੀ ਸੂਚੀ ਵਿੱਚ ਸ਼ਾਮਲ ਹਨ।

ਉਨ੍ਹਾਂ ਨੇ ਇਹ ਵੀ ਮੰਨਿਆ ਕਿ ਆਮ ਤੌਰ 'ਤੇ ਇਨ੍ਹਾਂ ਲੋਕਾਂ ਦੀ ਸੁਰੱਖਿਆ 'ਤੇ ਹੋਣ ਵਾਲਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਦਾ ਬਿਊਰਾ ਨਹੀਂ ਦਿੱਤਾ ਕਿ ਅਜਿਹੇ ਲੋਕਾਂ ਦੀ ਸੁਰੱਖਿਆ 'ਤੇ ਕੁੱਲ ਕਿੰਨੀ ਰਾਸ਼ੀ ਖਰਚ ਹੁੰਦੀ ਹੈ?