ਜਦੋਂ ਅਵਾਮ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਤਿਆਰ ਹੋਈ! (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਪੰਜਾਬ ਦੇ ਅੰਦਰ ਸਕੂਲ ਅਤੇ ਕਾਲਜ ਖੁੱਲ੍ਹਵਾਉਣ ਦੇ ਲਈ ਅਧਿਆਪਕ, ਮਾਪੇ ਅਤੇ ਸਕੂਲ ਪ੍ਰਬੰਧਕ ਸੜਕਾਂ 'ਤੇ ਹਨ। ਮੰਗ ਇੱਕੋ ਹੀ ਹੈ ਕਿ ਸਕੂਲਾਂ ਕਾਲਜਾਂ ਨੂੰ ਖੋਲ੍ਹਿਆ ਜਾਵੇ ਅਤੇ ਆਨਲਾਈਨ ਪੜ੍ਹਾਈ ਕਰਵਾਉਣ ਦਾ ਡਰਾਮਾ ਬੰਦ ਕੀਤਾ ਜਾਵੇ। ਸਰਕਾਰ ਦੁਆਰਾ ਇਨ੍ਹਾਂ ਵਰਗਾਂ ਦੀ ਮੰਗ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪੰਜਾਬ ਭਰ ਦੀਆਂ ਵਿਦਿਆਰਥੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਹਨ, ਕਿ ਕੋਰੋਨਾ ਦੀ ਆੜ ਵਿੱਚ ਬੰਦ ਕੀਤੀਆਂ ਗਈਆਂ ਯੂਨੀਵਰਸਿਟੀਆਂ, ਕਾਲਜ ਅਤੇ ਸਕੂਲ ਮੁੜ ਤੋਂ ਖੋਲ੍ਹੇ ਜਾਣ। ਦਰਅਸਲ, ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿਛਲੇ ਦਿਨੀਂ ਵਿੱਦਿਅਕ ਅਦਾਰੇ ਖੁੱਲ੍ਹਵਾਉਣ ਲਈ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਰੋਸ ਹਫ਼ਤਾ ਮਨਾਉਂਦਿਆਂ ਵੱਖ-ਵੱਖ ਪਿੰਡਾਂ ਵਿੱਚ ਵਿਦਿਆਰਥੀਆਂ ਮਾਪਿਆਂ ਨਾਲ ਮੀਟਿੰਗਾਂ ਕਰਕੇ ਰੈਲੀਆਂ ਕੀਤੀ।

'ਨਿਊਜ਼ਨੰਬਰ' ਨਾਲ ਗੱਲਬਾਤ ਸਾਂਝੀ ਕਰਦਿਆਂ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਵਿਦਿਅਕ ਅਦਾਰੇ ਬੰਦ ਕਰਨ ਦਾ ਫੈਸਲਾ ਗੈਰ ਤਰਕ-ਸੰਗਤ ਹੈ। ਜਿਸ ਤਹਿਤ ਕਰੋਨਾ ਦੀ ਆੜ ਹੇਠ ਉਨ੍ਹਾਂ ਨੇ ਪਿਛਲੇ ਦਿਨੀਂ ਵਿੱਦਿਅਕ ਸੰਸਥਾਵਾਂ ਨੂੰ ਮੁਕੰਮਲ ਬੰਦ ਕਰਨ ਦਾ ਵਿਦਿਆਰਥੀ ਵਿਰੋਧੀ ਫ਼ੈਸਲਾ ਲਿਆ, ਉਸ ਪਿੱਛੇ ਲੋਕਾਂ ਦੀ ਭਲਾਈ ਜਾਂ ਫਿਕਰਮੰਦੀ ਨਹੀਂ।

ਸਗੋਂ ਇੱਕ ਸਿਆਸਤ ਕੰਮ ਕਰਦੀ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚ ਐਮ. ਸੀ ਦੀਆਂ ਚੋਣਾਂ ਹੋ ਚੁੱਕੀਆਂ ਹਨ ਤਾਂ ਪੰਜਾਬ ਸਰਕਾਰ ਨੂੰ ਕੋਰੋਨਾ ਚੇਤੇ ਆ ਗਿਆ ਹੈ, ਪਰ ਚੋਣਾਂ ਵੇਲੇ ਕੋਰੋਨਾ ਦੀ ਯਾਦ ਨਹੀਂ ਆਈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਪਿਛਲੇ ਇਕ ਸਾਲ ਤੋਂ ਵਿੱਦਿਅਕ ਅਦਾਰੇ ਬੰਦ ਰਹੇ ਹਨ ਤਾਂ ਵਿਦਿਆਰਥੀਆਂ ਸਮੇਤ ਅਧਿਆਪਕਾਂ ਮੁਲਾਜ਼ਮਾਂ ਅਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੇ ਡਰਾਇਵਰਾਂ ਅਤੇ ਸਟਾਫ ਨੂੰ ਬਹੁਤ ਸਾਰਾ ਨੁਕਸਾਨ ਝੱਲਣਾ ਪਿਆ।

ਵਿਦਿਆਰਥੀਆਂ ਨੂੰ ਸਭ ਤੋਂ ਵੱਧ ਨੁਕਸਾਨ ਇਹ ਹੋਇਆ ਕਿ ਉਨ੍ਹਾਂ ਨੂੰ ਪੜ੍ਹਾਈ ਨਾਲੋਂ ਤੋੜ ਦਿੱਤਾ ਗਿਆ। ਪਰ ਹੁਣ ਜਦੋਂ ਦੁਬਾਰਾ ਫਿਰ ਤੋਂ ਸਕੂਲ ਕਾਲਜ ਖੋਲ੍ਹ ਕੇ ਪੜ੍ਹਾਈ ਦਾ ਮਾਹੌਲ ਬਣਨਾ ਸ਼ੁਰੂ ਹੋਇਆ ਸੀ, ਤਾਂ ਸਰਕਾਰ ਨੇ ਫਿਰ ਤੋਂ ਗੈਰ ਤਰਕ-ਸੰਗਤ ਤਰੀਕੇ ਨਾਲ ਸਕੂਲ ਬੰਦ ਕਰਨ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਜਦੋਂ ਹੋਰ ਸਭ ਅਦਾਰੇ ਪੂਰੀ ਤਰ੍ਹਾਂ ਖੁੱਲ੍ਹੇ ਹੋਏ ਹਨ ਵੱਡੇ-ਵੱਡੇ ਸਿਆਸੀ ਇਕੱਠ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਥਾਵਾਂ 'ਤੇ ਕਰੋਨਾ ਨਹੀਂ ਆਉਂਦਾ, ਪਰ ਪਤਾ ਨਹੀਂ ਕਿਉਂ ਵਿੱਦਿਅਕ ਅਦਾਰਿਆਂ ਵਿੱਚ ਹੀ ਕਰੋਨਾ ਨੇ ਮੁੜ ਦਸਤਕ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਵਿੱਦਿਅਕ ਅਦਾਰੇ ਖੋਲ੍ਹੇ ਜਾਣ।