ਜੰਮੂ ਕਸ਼ਮੀਰ 'ਚ ਕਾਗਜੀ ਵਿਕਾਸ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Mar 01 2021 14:30
Reading time: 1 min, 37 secs

ਅਗਸਤ-2019 ਵਿੱਚ ਜੰਮੂ ਕਸ਼ਮੀਰ ਦੇ ਅੰਦਰ ਮੁਕੰਮਲ ਤਾਲਾਬੰਦੀ ਅਤੇ ਕਰਫ਼ਿਊ ਲਗਾ ਕੇ ਕੇਂਦਰ ਸਰਕਾਰ ਦੁਆਰਾ ਜੰਮੂ ਕਸ਼ਮੀਰ ਦੇ ਲੋਕਾਂ ਦੇ ਅਧਿਕਾਰ ਖੋਹਦਿਆਂ ਹੋਇਆ, ਧਾਰਾ 370 ਅਤੇ 35-ਏ ਖ਼ਤਮ ਕਰ ਦਿੱਤੀ ਗਈ। ਬੰਦੂਕ ਦੀ ਨੋਕ 'ਤੇ ਖ਼ਤਮ ਕੀਤੀ ਗਈ ਧਾਰਾ 370 ਅਤੇ 35-ਏ ਦਾ ਜੰਮੂ ਕਸ਼ਮੀਰ ਦੇ ਅੰਦਰ ਵਿਰੋਧ ਨਹੀਂ ਹੋਇਆ, ਕਿਉਂਕਿ ਅਵਾਮ ਸੜਕਾਂ 'ਤੇ ਨਹੀਂ ਬਲਕਿ ਘਰਾਂ ਦੇ ਅੰਦਰ ਤੜੀ ਪਈ ਸੀ। ਕਸ਼ਮੀਰ ਦੇ ਅੰਦਰ ਧਾਰਾ 370 ਅਤੇ 35-ਏ ਖ਼ਤਮ ਕਰਨ ਮਗਰੋਂ, ਕੇਂਦਰ ਸਰਕਾਰ ਨੇ ਵਾਅਦਾ ਅਤੇ ਦਾਅਵਾ ਕੀਤਾ ਸੀ ਕਿ ਹੁਣ ਕਸ਼ਮੀਰ ਤਰੱਕੀ ਦੀਆਂ ਲੀਹਾਂ ਛੋਹੇਗਾ। 

ਕੇਂਦਰ ਸਰਕਾਰ ਦੇ ਹਰ ਦਾਅਵੇ ਅਤੇ ਵਾਅਦੇ ਦਾ ਕਸ਼ਮੀਰੀਆਂ ਨੇ ਵਿਰੋਧ ਕੀਤਾ ਹੈ ਅਤੇ ਹੁਣ ਵੀ ਕਰ ਰਹੇ ਹਨ। ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਵਿੱਚੋਂ ਇਹ ਆਵਾਜ਼ ਉਸ ਵੇਲੇ ਉੱਠੀ ਸੀ ਕਿ ਸਰਕਾਰ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਅਧਿਕਾਰ ਵਾਪਸ ਦੇ ਕੇ, ਫਿਰ ਤੋਂ ਉੱਥੇ ਧਾਰਾ 370 ਅਤੇ 35-ਏ ਲਾਗੂ ਕਰੇ, ਪਰ ਕੇਂਦਰ ਨੇ ਕਿਸੇ ਦੀ ਇੱਕ ਵੀ ਨਾ ਸੁਣਦਿਆਂ ਹੋਇਆ, ਉਨ੍ਹਾਂ 'ਤੇ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ, ਜਿਹੜੇ ਲੋਕ ਕਸ਼ਮੀਰੀਆਂ ਦੇ ਹੱਕਾਂ ਦੀ ਗੱਲ ਕਰ ਰਹੇ ਸਨ। 

ਇਸ ਵੇਲੇ ਜੰਮੂ ਕਸ਼ਮੀਰ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕੀਤੀ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਚੁੱਕਿਆ ਹੈ। ਪਰ ਹੁਣ ਤੱਕ ਵੀ ਕਸ਼ਮੀਰ ਦੇ ਅੰਦਰ ਹਾਲਾਤ ਸੁਧਰੇ ਨਹੀਂ। ਸਰਕਾਰ ਨੇ ਜੋ ਦਾਅਵੇ ਕੀਤੇ ਸਨ, ਉਹ ਦਾਅਵੇ ਮਿੱਟੀ ਦੇ ਵਿੱਚ ਮਿਲ ਚੁੱਕੇ ਹਨ। ਕਸ਼ਮੀਰੀਆਂ ਨਾਲ ਵਾਅਦੇ ਤਾਂ ਇਹ ਕੀਤੇ ਗਏ ਸਨ ਕਿ, ਕਸ਼ਮੀਰ ਨੂੰ ਸੁੰਦਰ ਅਤੇ ਸੋਹਣਾ ਬਣਾ ਕੇ, ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ, ਪਰ ਕਸ਼ਮੀਰ ਦਾ ਉਜਾੜਾ ਹਾਲੇ ਵੀ ਓਵੇਂ ਹੀ ਹਕੂਮਤ ਕਰ ਰਹੀ ਹੈ, ਜਿਵੇਂ ਪਹਿਲੋਂ ਕੀਤਾ ਜਾਂਦਾ ਸੀ। 

ਲੰਘੇ ਦਿਨ, ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਦੋਸ਼ ਲਗਾਇਆ ਕਿ ਜੰਮੂ ਕਸ਼ਮੀਰ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਮਗਰੋਂ ਵੀ ਕਸ਼ਮੀਰ ਦੇ ਅੰਦਰ ਵਿਕਾਸ ਨਹੀਂ ਹੋਇਆ ਹੈ, ਜਿਸ ਵਿਕਾਸ ਦੇ ਦਾਅਵੇ ਸਰਕਾਰ ਦੁਆਰਾ ਕੀਤੇ ਜਾ ਰਹੇ ਹਨ, ਉਹ ਉਹ ਕਾਗਜ਼ਾਂ ਤੱਕ ਹੀ ਸੀਮਤ ਹਨ।