ਇਸ ਵੇਲੇ ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ਼ ਪਾਰਟੀ ਭਾਜਪਾ ਬਣ ਚੁੱਕੀ ਹੈ। ਅਜਿਹਾ ਅਸੀਂ ਨਹੀਂ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਅਜਿਹਾ ਕੁੱਝ ਕਹਿ ਰਹੇ ਹਨ। ਵੈਸੇ, ਜੋ ਕੁੱਝ ਪ੍ਰਧਾਨ ਮੰਤਰੀ ਕਹਿ ਰਹੇ ਹਨ, ਜੇਕਰ ਇਹਨੂੰ ਸੱਚ ਮੰਨ ਲਿਆ ਜਾਵੇ ਤਾਂ, ਮੁਲਕ ਦਾ ਵਿਕਾਸ ਆਉਣ ਵਾਲੇ ਕਈ ਦਹਾਕਿਆਂ ਤੱਕ ਨਹੀਂ ਹੋ ਸਕਦਾ। ਵੈਸੇ, ਇਸ ਵੇਲੇ ਬੁੱਧੀਜੀਵੀਆਂ ਮੋਦੀ ਸਰਕਾਰ ਦੇ ਇਸ ਬਿਆਨ 'ਤੇ ਕਿ, ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ਼ ਪਾਰਟੀ ਭਾਜਪਾ ਬਣ ਚੁੱਕੀ ਹੈ, ਉੱਪਰ ਠੋਕਵਾਂ ਜਵਾਬ ਹੈ।
ਬੁੱਧੀਜੀਵੀ ਕਹਿੰਦੇ ਹਨ ਕਿ, ਭਾਰਤ ਦੇ ਲੋਕਾਂ ਦਾ ਸਾਥ ਦਾ ਹਮੇਸ਼ਾ ਹੀ ਸਰਕਾਰਾਂ ਨੂੰ ਮਿਲਦਾ ਰਿਹਾ ਹੈ, ਪਰ ਸਰਕਾਰਾਂ ਦੇ ਵੱਲੋਂ ਕਦੇ ਵੀ ਸਭ ਦਾ ਵਿਕਾਸ ਨਹੀਂ ਕੀਤਾ ਜਾਂਦਾ ਰਿਹਾ। ਅਵਾਮ ਦੇ ਨਾਲ ਕੀਤੇ ਦਾਅਵਿਆਂ ਅਤੇ ਵਾਅਦਿਆਂ ਵਿੱਚ ਹਮੇਸ਼ਾ ਹੀ ਜ਼ਮੀਨ ਆਸਮਾਨ ਦਾ ਅੰਤਰ ਹੁੰਦਾ ਹੈ। ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ, 'ਸਬ ਕਾ ਸਾਥ' ਲੈ ਕੇ, ਸਬ ਕਾ ਵਿਕਾਸ ਨਾ ਕਰਨ ਦੀ ਸਹੁੰ ਖਾ ਕੇ ਬੈਠੇ, ਭਾਰਤ ਦੇ ਪ੍ਰਧਾਨ ਮੰਤਰੀ ਜਲਦੀ ਹੀ ਗੱਦੀਉਂ ਵੀ ਲਹਿ ਸਕਦੇ ਹਨ, ਕਿਉਂਕਿ ਅਵਾਮ ਨੂੰ ਭਾਜਪਾ-ਆਰਐਸਐਸ ਦੀ ਸਾਰੀ ਚਾਲ ਪਤਾ ਲੱਗ ਚੁੱਕੀ ਹੈ।
ਕਿਸਾਨ ਆਗੂ ਅਵਤਾਰ ਮਹਿਮਾ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਲੰਘੇ ਸੱਤ ਸਾਲਾਂ ਦੇ ਅੰਦਰ ਸਬ ਕਾ ਸਾਥ ਲੈ ਕੇ, ਸਬ ਕਾ ਵਿਕਾਸ ਕਰਨ ਦੀ ਬਿਜਾਏ, ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕਰਨ ਵਾਲੀ ਭਾਜਪਾ, ਬਹੁਤੀ ਦੇਰ ਭਾਰਤ ਦੇ ਅੰਦਰ ਟਿਕਣ ਵਾਲੀ ਨਹੀਂ। ਕਿਉਂਕਿ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ, ਬੀਬੀਆਂ, ਬੱਚੇ, ਆਮ ਲੋਕ, ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮ ਵਰਗ ਇਸ ਵੇਲੇ ਸੜਕਾਂ 'ਤੇ ਆਪਣਾ ਵਿਕਾਸ ਕਰਵਾਉਣ ਲਈ ਨਿਕਲ ਪਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਅਨਾਜ ਦੀ ਸਰਕਾਰੀ ਖਰੀਦ ਤੋਂ ਪੱਲਾ ਛੁਡਾ ਲਿਆ ਅਤੇ ਸਾਰੀ ਫਸਲ ਅੰਬਾਨੀ ਅਡਾਨੀ ਦੇ ਗੋਦਾਮਾਂ ਵਿੱਚ ਚਲੀ ਗਈ ਤਾਂ ਕਰੋੜਾਂ ਗਰੀਬਾਂ ਨੂੰ ਦੋ ਰੁਪਏ ਕਿਲੋ ਵਾਲੀ ਕਣਕ ਅਤੇ ਸਸਤਾ ਰਾਸ਼ਨ ਫਿਰ ਕੌਣ ਦੇਵੇਗਾ? ਯਕੀਨਨ ਇਸ ਤੋਂ ਪੈਦਾ ਹੋਏ ਹਾਲਾਤ ਅਵਾਮ ਨੂੰ ਭੁੱਖਮਰੀ ਵੱਲ ਧੱਕ ਦੇਣਗੇ। ਕਿਸਾਨ ਆਗੂ ਨੇ ਅਵਾਮ ਨੂੰ ਕਿਹਾ ਕਿ, ਉਹ ਸਰਕਾਰ 'ਤੇ ਯਕੀਨ ਨਾ ਕਰਕੇ ਕਿਸਾਨੀ ਸੰਘਰਸ਼ ਦੇ ਵਿੱਚ ਕੁੱਦੇ, ਕਿਉਂਕਿ ਸਰਕਾਰ ਤਾਂ ਕਾਰਪੋਰੇਟ ਘਰਾਣਿਆਂ ਦਾ ਵਿਕਾਸ ਕਰਨ ਵਿੱਚ ਰੁੱਝੀ ਹੋਈ ਹੈ।