ਜੇਕਰ ਤੁਸੀਂ ਪੈਟਰੋਲ 100 ਰੁਪਏ ਕਰ ਸਕਦੇ ਹੋ ਤਾਂ, ਅਸੀਂ ਦੁੱਧ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 28 2021 15:03
Reading time: 1 min, 35 secs

ਪੈਟਰੋਲ ਦੇ ਭਾਅ ਇਸ ਵੇਲੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ 100 ਰੁਪਏ ਨੂੰ ਪਾਰ ਚੁੱਕੇ ਹਨ, ਜਦੋਂਕਿ ਡੀਜ਼ਲ ਦਾ ਭਾਅ 90 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਗੈਸ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ, ਜਦੋਂਕਿ ਹੋਰ ਵਸਤੂਆਂ ਦੀ ਜੇਕਰ ਗੱਲ ਕਰੀਏ ਤਾਂ, ਹਰ ਵਸਤੂ 'ਤੇ ਲੱਗਦੇ ਟੈਕਸ ਨੇ ਅਵਾਮ ਨੂੰ ਮਹਿੰਗੇ ਭਾਅ ਦਾ ਹੀ ਸਭ ਕੁੱਝ ਦੇ ਦਿੱਤਾ ਹੈ। ਕਿਸਾਨ ਇਸ ਵੇਲੇ ਆਪਣੀਆਂ ਹੱਕੀ ਮੰਗਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। 

ਜਦੋਂਕਿ ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਨਾਂਅ ਹੁਕਮਰਾਨ ਨਹੀਂ ਲੈ ਰਹੇ। ਲਗਾਤਾਰ ਸਰਕਾਰ ਦਾ ਰਵੱਈਆ ਹੁਣ ਤੱਕ ਤਲਖ਼ੀਆ ਰਿਹਾ ਹੈ ਅਤੇ ਸਰਕਾਰ ਦੀ ਹੈਂਕੜਬਾਜ਼ੀ ਇਸ ਵੇਲੇ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੇ ਪੈਟਰੋਲ ਦਾ ਭਾਅ ਵਧਾ ਕੇ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਤਾਂ ਕਰ ਦਿੱਤਾ ਹੈ, ਪਰ ਦੂਜੇ ਪਾਸੇ ਕਿਸਾਨਾਂ ਨੇ ਪੈਟਰੋਲ ਦਾ ਭਾਅ ਸਸਤਾ ਕਰਨ ਦੇ ਲਈ ਇੱਕ ਨਵਾਂ ਫ਼ਾਰਮੂਲਾ ਤਿਆਰ ਕਰ ਲਿਆ ਹੈ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। 

ਦਰਅਸਲ, ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੋਇਆ ਹੈ ਕਿ ਸਰਕਾਰ ਅੱਖਾਂ ਬੰਦ ਕਰਕੇ, ਪੈਟਰੋਲ ਅਤੇ ਡੀਜ਼ਲ ਦਾ ਭਾਅ ਵਧਾ ਰਹੀ ਹੈ ਅਤੇ ਹੁਣ ਪੈਟਰੋਲ ਦਾ ਭਾਅ 100 ਰੁਪਏ ਨੂੰ ਪਾਰ ਕਰ ਚੁੱਕਿਆ ਹੈ, ਜਦੋਂਕਿ ਕਿਸਾਨਾਂ ਨੇ ਵੀ ਹੁਣ ਪੈਟਰੋਲ ਦੇ ਪ੍ਰਤੀ ਲੀਟਰ ਭਾਅ ਦੇ ਬਰਾਬਰ ਹੁਣ ਦੁੱਧ ਦਾ ਭਾਅ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ 100 ਰੁਪਏ ਪ੍ਰਤੀ ਲੀਟਰ ਪੈਟਰੋਲ ਵੇਚ ਸਕਦੀ ਹੈ ਤਾਂ, ਕਿਸਾਨ 100 ਰੁਪਏ ਦੁੱਧ ਕਿਉਂ ਨਹੀਂ ਵੇਚ ਸਕਦਾ। 

ਕਿਸਾਨਾਂ ਦੇ ਇਸ ਐਲਾਨ ਮਗਰੋਂ ਸਰਕਾਰ ਬੌਂਦਲ਼ੀ ਪਈ ਹੈ। ਦਰਅਸਲ, ਲੰਘੇ ਦਿਨ ਹਰਿਆਣਾ ਦੀ ਖਾਪ ਪੰਚਾਇਤ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਇਸ ਖਾਪ ਪੰਚਾਇਤ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਵੀ ਸ਼ਾਮਲ ਹੋਏ ਸਨ ਅਤੇ ਕਿਸਾਨਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਖਾਪ ਪੰਚਾਇਤ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਲਈ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਅਤੇ ਕਿਹਾ ਕਿ, 1 ਮਾਰਚ ਤੋਂ ਕਿਸਾਨ 100 ਰੁਪਏ ਪ੍ਰਤੀ ਲੀਟਰ ਦੁੱਧ ਵੇਚਣਗੇ।