ਪਹਿਲੋਂ ਕੋਰੋਨਾ ਅਤੇ ਹੁਣ ਆਲੂਆਂ ਦੇ ਸਸਤੇ ਭਾਅ ਨੇ ਰਗੜਿਆ ਅੰਨਦਾਤਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 28 2021 15:02
Reading time: 1 min, 39 secs

ਸਾਲ 2020 ਵਿੱਚ ਤਾਂ ਕੋਰੋਨਾ ਵਾਇਰਸ ਦੇ ਭਾਰਤ ਆਉਣ ਮਗਰੋਂ ਲੱਗੇ ਲਾਕਡਾਊਨ ਅਤੇ ਕਰਫ਼ਿਊ ਨੇ ਕਿਸਾਨਾਂ ਤੋਂ ਇਲਾਵਾ ਆਮ ਨੂੰ ਲਤਾੜ ਕੇ ਰੱਖ ਦਿੱਤਾ, ਉੱਥੇ ਹੀ ਜਦੋਂ ਹੁਣ ਕੋਰੋਨਾ ਦਾ ਪ੍ਰਕੋਪ ਦੇਸ਼ ਦੇ ਅੰਦਰੋਂ ਘਟਿਆ ਹੈ ਤਾਂ, ਦੇਸ਼ ਦੇ ਕਿਸਾਨਾਂ ਨੂੰ ਫ਼ਸਲਾਂ ਦੇ ਸਸਤੇ ਭਾਅ ਨੇ ਉਨ੍ਹਾਂ ਨੂੰ ਰਗੜ ਕੇ ਰੱਖ ਦਿੱਤਾ ਹੈ। ਕਿਸਾਨਾਂ ਦੁਆਰਾ ਉਗਾਈ ਜਾਂਦੀ ਫ਼ਸਲ ਦਾ ਉਨ੍ਹਾਂ ਨੂੰ ਹਮੇਸ਼ਾ ਹੀ ਚੰਗਾ ਭਾਅ ਨਹੀਂ ਮਿਲਦਾ। ਬੇਸ਼ੱਕ ਸਰਕਾਰਾਂ ਦੁਆਰਾ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨ ਨੂੰ ਉਸ ਦੀ ਫ਼ਸਲ ਦਾ ਪੂਰਾ ਭਾਅ ਦਿੱਤਾ ਜਾਂਦਾ ਹੈ। 

ਪਰ, ਇਹ ਦਾਅਵਾ ਤਾਂ ਸਰਕਾਰ ਦਾ ਜਿੱਥੇ ਗ਼ਲਤ ਹੈ ਹੀ, ਨਾਲ ਹੀ ਇਹ ਜ਼ਰੂਰ ਕਿਹਾ ਜਾ ਸਕਦਾ ਹੈ, ਕਿ ਕਿਸਾਨਾਂ ਦੇ ਨਾਲ ਸਰਕਾਰਾਂ ਹਮੇਸ਼ਾ ਹੀ ਭੱਦਾ ਮਜ਼ਾਕ ਕਰਦੀਆਂ ਰਹੀਆਂ ਹਨ, ਜਿਸ ਦੇ ਕਾਰਨ ਖ਼ੁਦਕੁਸ਼ੀਆਂ ਦਾ ਰਸਤਾ ਅਖ਼ਤਿਆਰ ਕਰ ਜਾਂਦੇ ਹਨ। ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ, ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਲੰਘੇ ਸਾਲ ਤਾਂ ਕੋਰੋਨਾ ਵਾਇਰਸ ਨੇ ਚੰਗਾ ਰਗੜਾ ਲਾਇਆ ਸੀ, ਜਦੋਂਕਿ ਇਸ ਵਾਰ ਆਲੂ ਦੇ ਮੰਦੇ ਭਾਅ ਨੇ ਕਿਸਾਨਾਂ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ ਹੋਇਆ ਹੈ। 

ਵੈਸੇ ਤਾਂ, ਆਲੂਆਂ ਤੋਂ ਬਣਨ ਵਾਲੀਆਂ ਵਸੂਤਆਂ ਜਿਵੇਂ ਚਿਪਸ, ਕੁਰਕੁਰੇ ਅਤੇ ਲੇਸ ਆਦਿ, 300/400 ਰੁਪਏ ਪ੍ਰਤੀ ਕਿੱਲੋ ਵਿਕਦੇ ਹਨ, ਜਦੋਂਕਿ ਕਿਸਾਨਾਂ ਦੁਆਰਾ ਉਗਾਇਆ ਜਾਂਦਾ ਆਲੂ ਸਿਰਫ਼ 3 ਤੋਂ 4 ਰੁਪਏ ਕਿੱਲੋ ਹੀ ਵਿਕਦਾ ਹੈ। ਕਿਸਾਨਾਂ ਆਪਣਾ ਆਲੂ ਵੀ ਜੇਕਰ ਮੰਡੀ ਵਿੱਚ ਲੈ ਕੇ ਜਾਂਦੇ ਹਨ ਤਾਂ, ਉਨ੍ਹਾਂ ਨੂੰ, ਉਸ ਦਾ ਜਿੱਥੇ ਪੂਰਾ ਭਾਅ ਨਹੀਂ ਮਿਲਦਾ, ਉਥੇ ਹੀ ਵਪਾਰੀ ਵੀ ਉਨ੍ਹਾਂ ਦੀ ਖੁੱਲ੍ਹੇਆਮ ਲੁੱਟ ਕਰਦਾ ਹੈ। ਲਗਾਤਾਰ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਹੁਕਮਰਾਨ ਦੇਖ ਰਹੇ ਹਨ, ਪਰ ਬੋਲ ਕੁੱਝ ਨਹੀਂ ਰਹੇ। 

ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਭਾਵੇਂ ਹੀ ਆਲੂਆਂ ਦੀ ਪੁਟਾਈ ਮਾਰਚ ਮਹੀਨੇ ਵਿੱਚ ਹੋਣੀ ਹੈ, ਪਰ ਆਲੂਆਂ ਦੇ ਭਾਅ ਫ਼ਰਵਰੀ ਮਹੀਨੇ ਵਿੱਚ ਹੀ ਮੂਧੇ ਮੂੰਹ ਡਿੱਗ ਪਏ ਹਨ, ਜਿਸ ਦੇ ਕਾਰਨ ਕਿਸਾਨਾ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੰਘੇ ਸਾਲ ਤਾਂ ਕੋਰੋਨਾ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਹੁਣ ਆਲੂਆਂ ਦੇ ਸਸਤੇ ਭਾਅ ਨੇ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਿਸਾਨਾ ਦਾ ਕਹਿਣਾ ਹੈ ਕਿ ਆਲੂਆਂ ਦਾ ਝਾੜ ਬੇਸ਼ੱਕ ਠੀਕ ਨਿਕਲੇਗਾ, ਪਰ ਭਾਅ ਉਨ੍ਹਾਂ ਨੂੰ ਚੰਗਾ ਨਹੀਂ ਮਿਲਣਾ।