ਕਿਸਾਨ ਅੰਦੋਲਨ: ਹੁਕਮਰਾਨ ਕਿਸਾਨਾਂ ਦੀ ਗੱਲ ਮੰਨਦਾ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 26 2021 14:13
Reading time: 1 min, 38 secs

ਖੇਤੀ ਕਾਨੂੰਨਾਂ ਦੇ ਵਿਰੁੱਧ ਲੰਘੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦਾ ਧਰਨਾ ਜ਼ਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਕਿਸਾਨਾਂ ਦੀ ਗੱਲ ਇਸ ਲਈ ਮੰਨਣ ਤੋਂ ਇਨਕਾਰ ਕਰ ਰਹੀ ਹੈ, ਕਿਉਂਕਿ ਉਹਦੇ ਕਾਰਪੋਰੇਟ ਮਿੱਤਰ ਨਰਾਜ਼ ਹੁੰਦੇ ਹਨ।

ਦੋ ਚਾਰ ਕਾਰਪੋਰੇਟ ਮਿੱਤਰਾਂ ਨੂੰ ਖ਼ੁਸ਼ ਕਰਨ ਵਾਸਤੇ ਸਰਕਾਰ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਬਰਬਾਦ ਕਰਨ 'ਤੇ ਜ਼ੋਰ ਦੇ ਰਹੀ ਹੈ। ਵੈਸੇ, ਵੇਖਿਆ ਜਾਵੇ ਤਾਂ ਜਦੋਂ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਦੀ ਹਮਾਇਤ ਮੀਨਾ ਹੈਰਿਸ, ਗ੍ਰੇਟਾ ਥਨਬਰਗ, ਮੀਆਂ ਖ਼ਲੀਫ਼ਾ ਤੋਂ ਇਲਾਵਾ ਪੌਪ ਗਾਇਕਾ ਰਿਹਾਨਾ ਨੇ ਕੀਤੀ ਹੈ, ਉਦੋਂ ਤੋਂ ਹੀ ਭਾਰਤੀ ਹਕੂਮਤ ਨੂੰ ਏਨੀਆਂ ਜ਼ਿਆਦਾ ਮਿਰਚਾਂ ਲੱਗੀਆਂ ਹਨ ਕਿ, ਕੋਈ ਕਹਿਣ ਦੀ ਹੱਦ ਨਹੀਂ।

ਰਿਹਾਨਾ ਦੇ ਟਵੀਟ ਮਗਰੋਂ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਕ੍ਰਿਕਟਰ ਵੀ ਜਾਗ ਉੱਠੇ ਅਤੇ ਉਨ੍ਹਾਂ ਨੇ ਹਕੂਮਤ ਦੀ ਚਿਮਚਾਗਿਰੀ ਕਰਕੇ, ਸ਼ਰੇਆਮ ਹੀ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ। ਦਰਅਸਲ, 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਇਲਾਵਾ ਦਿੱਲੀ ਦੇ ਅੰਦਰ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦਾ ਸਰਕਾਰ ਅਤੇ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਮੁਲਜ਼ਮ ਬਣਾਇਆ, ਜਦੋਂਕਿ ਕਿਸੇ ਵੀ ਕਿਸਾਨ ਨੇ ਹਿੰਸਾ ਕੀਤੀ ਹੀ ਨਹੀਂ।

ਕਿਸਾਨਾਂ 'ਤੇ ਜਿਹੜੇ ਦੋਸ਼ ਦਿੱਲੀ ਦੇ ਅੰਦਰ ਹਿੰਸਾ ਕਰਨ ਦੇ ਲੱਗੇ ਹਨ, ਉਹਦੇ ਦੋਸ਼ ਵਿੱਚ ਕਈ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਹੋਇਆ ਹੈ। ਕਿਸਾਨਾਂ ਦੇ ਨਾਲ ਨਾਲ ਕਈ ਪੱਤਰਕਾਰ, ਬੁੱਧੀਜੀਵੀ, ਵਕੀਲ, ਵਾਤਾਵਰਨ ਪ੍ਰੇਮੀ ਵੀ ਇਸ ਵੇਲੇ ਜੇਲ੍ਹਾਂ ਅੰਦਰ ਬੰਦ ਹਨ। 

ਜੇਲ੍ਹਾਂ ਦੇ ਅੰਦਰ ਬੰਦ ਵਾਤਾਵਰਨ ਪ੍ਰੇਮੀਆਂ ਦੇ ਵਿੱਚ ਦਿਸ਼ਾ ਰਵੀ ਵੀ ਸ਼ਾਮਲ ਹੈ, ਜਿਸ ਨੂੰ ਲੰਘੇ ਦਿਨੀਂ ਜ਼ਮਾਨਤ ਮਿਲ ਗਈ ਹੈ ਅਤੇ ਉਹਦੇ ਉੱਪਰ ਜਿਹੜੇ ਦੋਸ਼ ਦਿੱਲੀ ਪੁਲਿਸ ਨੇ ਲਗਾਏ ਸਨ, ਉਹ ਸਹੀ ਸਾਬਤ ਨਹੀਂ ਹੋ ਸਕੇ।

ਜਿਸ ਪ੍ਰਕਾਰ ਕਿਸਾਨਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਪੁਲਿਸ ਚੁੱਕ ਕੇ ਜੇਲ੍ਹਾਂ ਦੇ ਅੰਦਰ ਬੰਦ ਕਰਕੇ, ਨਵੇਂ ਨਵੇਂ ਮੁਕੱਦਮੇ ਠੋਕ ਰਹੀ ਹੈ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਾ ਚਾਹੁੰਦੀ ਹੈ ਅਤੇ ਹੱਕ ਸੱਚ ਦੀ ਆਵਾਜ਼ ਨੂੰ ਦਬਾ ਕੇ, ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੀ ਹੈ।