ਭਾਰਤ ਵਿੱਚ ਕੀ ਸਭ ਕੁੱਝ ਅੱਛਾ ਹੋ ਰਿਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 26 2021 14:05
Reading time: 1 min, 31 secs

ਇਸ ਵੇਲੇ, ਬੇਸ਼ੱਕ ਮੁਲਕ ਦੇ ਹਾਲਾਤ ਬਹੁਤੇ ਜ਼ਿਆਦਾ ਵਧੀਆ ਨਹੀਂ ਹਨ। ਪਰ ਮੁਲਕ ਨੂੰ ਡਿਜ਼ੀਟਲ ਬਣਾਉਣ ਦਾ ਨਾਅਰਾ ਲਗਾਉਣ ਵਾਲੇ ਹਾਕਮ ਸਬ ਅੱਛਾ ਹੈ, ਸਬ ਅੱਛਾ ਹੈ... ਕਹਿ ਕੇ ਸੋਸ਼ਲ ਮੀਡੀਆ 'ਤੇ ਵਾਹੋ ਵਾਹੀ ਖੱਟਣ ਦੇ ਵਿੱਚ ਰੁੱਝੇ ਹੋਏ ਹਨ, ਜਦੋਂਕਿ ਅਸਲ ਦੇ ਵਿੱਚ ਮੁਲਕ ਦੇ ਅੰਦਰ ਅੱਛਾ ਕੁੱਝ ਨਹੀਂ ਹੋ ਰਿਹਾ। ਵੇਖਿਆ ਜਾਵੇ ਤਾਂ, ਇਸ ਵੇਲੇ ਦੇਸ਼ ਦੀ ਅਵਾਮ ਲਈ ਅੰਨ ਉਗਾਉਣ ਵਾਲਾ ਅੰਨਦਾਤਾ ਅਤੇ ਅਵਾਮ ਸੜਕਾਂ 'ਤੇ ਰੁਲ ਰਹੀ ਹੈ। 

ਇਸ ਵੇਲੇ ਅੰਨਦਾਤਾ ਅਤੇ ਮਜ਼ਦੂਰ ਤੋਂ ਇਲਾਵਾ ਆਮ ਵਰਗ ਖ਼ੁਦਕੁਸ਼ੀਆਂ ਦੇ ਰਸਤੇ ਅਖ਼ਤਿਆਰ ਕਰ ਰਿਹਾ ਹੈ। ਨੌਕਰੀ ਨਾ ਮਿਲਣ ਦੇ ਕਾਰਨ ਬੇਰੁਜ਼ਗਾਰ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰੀ ਆ ਰਹੇ ਹਨ। ਪਰ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਨਾਅਰਾ ਲਗਾਉਂਦਾ ਨਜ਼ਰੀ ਆ ਰਿਹਾ ਹੈ ਕਿ 'ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ 'ਪਾਰਟੀ ਦਾ 'ਮੂਲ ਮੰਤਰ' ਹੈ। 

ਵੈਸੇ, ਵੇਖਿਆ ਜਾਵੇ ਤਾਂ, ਇੱਕ ਪਾਸੇ ਮੂਲ ਮੰਤਰ ਦੇ ਗੁਣ ਗਿਣਾਏ ਜਾ ਰਹੇ ਹਨ, ਦੂਜੇ ਪਾਸੇ ਵਿਕਾਸ ਅੰਬਾਨੀ ਅੰਡਾਨੀ ਦਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ, ਅੰਡਾਨੀ ਗਰੁੱਪ ਨੂੰ ਸਰਕਾਰ ਦੁਆਰਾ ਸਰਕਾਰੀ ਵਿਭਾਗ ਸੌਂਪਣ ਦਾ ਜ਼ਿੰਮਾ ਚੁੱਕਿਆ ਹੋਇਆ ਹੈ, ਜਦੋਂਕਿ ਸਰਕਾਰੀ ਕੰਪਨੀਆਂ ਅੰਬਾਨੀ ਗਰੁੱਪ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਮੁਲਕ ਦਾ ਵਿਕਾਸ ਹੋ ਰਿਹਾ ਹੈ, ਕਿ ਘੱਟ ਭਾਅ 'ਤੇ ਮਿਲਣ ਵਾਲੀ ਵਸਤੂ ਇਸ ਵੇਲੇ ਅਸਮਾਨੀ ਭਾਅ ਛੂਹ ਰਹੀ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਦੀ ਮੰਨੀਏ ਤਾਂ, ਉਹਦੇ ਮੁਤਾਬਿਕ ਦੇਸ਼ ਦਾ ਵਿਕਾਸ ਤਾਂ ਬੇਸ਼ੱਕ ਹੁਣ ਤੱਕ 'ਦੁੱਕੀ ਜਿੰਨਾਂ' ਵੀ ਨਹੀਂ ਹੋਇਆ, ਪਰ ਦੇਸ਼ ਵਿਚਲੇ ਕਾਰਪੋਰੇਟ ਘਰਾਣਿਆਂ ਦੇ ਘਰ ਮੋਦੀ ਸਰਕਾਰ ਨੇ ਚੋਖ਼ੇ ਭਰੇ ਹਨ।

ਵਿਰੋਧੀ ਧਿਰ ਹਮੇਸ਼ਾ ਹੀ ਇਹ ਦੋਸ਼ ਲਗਾਉਂਦੀ ਰਹੀ ਹੈ, ਕਿ ਮੋਦੀ ਆਪਣੇ ਦੋ ਚਾਰ ਮਿੱਤਰਾਂ ਨੂੰ ਖ਼ੁਸ਼ ਕਰਨ ਦੇ ਲਈ ਪੂਰਾ ਦੇਸ਼ ਦਾਅ 'ਤੇ ਲਗਾਈ ਬੈਠੇ ਹਨ। ਦੇਸ਼ ਦੀ ਜਨਤਾ ਜੇਕਰ ਹਿਸਾਬ ਮੰਗਦੀ ਹੈ ਤਾਂ, ਉਨ੍ਹਾਂ 'ਤੇ ਮੁਕੱਦਮੇ ਠੋਕ ਕੇ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕਰਿਆ ਜਾ ਰਿਹਾ ਹੈ। ਇਸੇ ਲਈ ਕਿਹਾ ਜਾ ਸਕਦਾ ਹੈ, ਕਿ ਸਾਡੇ ਮੁਲਕ ਦੇ ਅੰਦਰ ਸਭ ਕੁੱਝ ਅੱਛਾ ਨਹੀਂ ਹੋ ਰਿਹਾ।