ਭਾਰਤੀ ਅਵਾਮ ਦੀ ਬਿਜਾਏ, ਕਾਰਪੋਰੇਟਰਾਂ ਦਾ ਹੋ ਰਿਹੈ ਵਿਕਾਸ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 25 2021 16:41
Reading time: 1 min, 37 secs

ਅੱਜ ਵੱਡੀ ਗਿਣਤੀ ਵਿੱਚ ਸਾਡੇ ਲੋਕ ਟੈਕਸ ਅਦਾ ਕਰਦੇ ਹਨ, ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਦੇਸ਼ ਹੋਰ ਬੁਲੰਦੀਆਂ ਛੂਹੇ, ਇਸ ਦੇ ਲਈ ਭਾਰਤੀ ਸਰਕਾਰ ਦੇ ਹਰ ਆਦੇਸ਼ ਦੀ ਪਾਲਣਾ ਕਰਦੇ ਹਨ। ਪਰ ਸਾਡੇ ਦੇਸ਼ ਦੇ ਹਾਕਮ ਕੀ ਅਵਾਮ ਦੁਆਰਾ ਦਿੱਤੇ ਜਾਂਦੇ ਟੈਕਸ ਦੀ ਸਹੀ ਵਰਤੋਂ ਕਰਦੇ ਹਨ? ਕੀ ਅਵਾਮ ਦੇ ਪੈਸੇ ਨੂੰ ਦੇਸ਼ ਦੇ ਅਸਲ ਵਿਕਾਸ 'ਤੇ ਖ਼ਰਚ ਕਰਿਆ ਜਾਂਦਾ ਹੈ? ਕੀ ਭਾਰਤ ਦਾ ਵਿਕਾਸ ਅਗਲੇ ਜ਼ਾਮੇ ਵਿੱਚ ਜਾ ਕੇ ਹੋਵੇਗਾ? 

ਕੀ ਅਵਾਮ ਨੂੰ ਠੱਗਣ ਵਾਸਤੇ ਹੁਕਮਰਾਨ ਸੱਤਾ ਹਥਿਆਉਂਦੇ ਹਨ? ਆਖ਼ਰ ਹੁਕਮਰਾਨਾਂ ਦਾ ਅਸਲ ਟੀਚਾ ਕੀ ਹੈ? ਹੁਕਮਰਾਨਾਂ ਦੇ ਵੱਲੋਂ ਜਨਤਾ ਦੁਆਰਾ ਦਿੱਤੇ ਗਏ ਟੈਕਸ ਦਾ ਫ਼ਾਇਦਾ ਕਿਸ ਨੂੰ ਪਹੁੰਚਾਇਆ ਜਾਂਦਾ ਹੈ? ਕੀ ਸਬ-ਕਾ-ਸਾਥ, ਸਬ-ਕਾ-ਵਿਕਾਸ ਹੋ ਰਿਹਾ ਹੈ? ਕੁੱਝ ਆਲੋਚਕ ਕਹਿੰਦੇ ਹਨ ਕਿ, ਭਾਰਤ ਦੇ ਅੰਦਰ ਜਨਤਾ ਕੋਲੋਂ ਟੈਕਸ ਰੂਪੀ ਪੈਸਾ ਤਾਂ ਪੂਰਾ ਲਿਆ ਜਾ ਰਿਹਾ ਹੈ, ਪਰ ਭਾਰਤੀ ਅਵਾਮ ਦਾ ਵਿਕਾਸ ਨਹੀਂ ਕਰਿਆ ਜਾ ਰਿਹਾ। ਭਾਰਤੀ ਅਵਾਮ ਦੀ ਬਿਜਾਏ ਹਾਕਮ, ਕਾਰਪੋਰੇਟਰਾਂ ਵਿਕਾਸ ਕਰ ਰਹੇ ਹਨ।

ਵੈਸੇ ਵੇਖਿਆ ਜਾਵੇ ਤਾਂ, ਨਰਿੰਦਰ ਮੋਦੀ ਦੁਆਰਾ ਜੋ ਵਾਅਦੇ ਭਾਰਤੀਆਂ ਦੇ ਅੱਛੇ ਦਿਨ ਲਿਆਉਣ ਦੇ 2014 ਦੀਆਂ ਚੋਣਾਂ ਵੇਲੇ ਕੀਤੇ ਸਨ, ਕੀ ਉਹ ਵਾਅਦੇ ਪੂਰੇ ਹੋ ਗਏ ਹਨ? ਭਾਰਤੀਆਂ ਦੇ ਅੱਛੇ ਦਿਨ ਨਾ ਤਾਂ ਪਹਿਲੋਂ ਕਦੇ ਆਏ ਹਨ ਅਤੇ ਨਾ ਹੀ ਹੁਣ ਹਨ, ਕਿਉਂਕਿ ਅੱਛੇ ਦਿਨ ਵਾਲੀ ਗੱਡੀ ਰਸਤੇ ਵਿੱਚ ਹੀ ਕਿਸੇ ਖੱਡੇ ਵਿੱਚ ਨੱਪੀ ਪਈ ਹੈ। ਸਬ ਕਾ ਸਾਥ ਤਾਂ ਮੋਦੀ ਸਰਕਾਰ ਨੂੰ ਮਿਲ ਰਿਹਾ ਹੈ, ਪਰ ਸਬ ਕਾ ਵਿਕਾਸ ਮੋਦੀ ਜੀ ਨਹੀਂ ਕਰ ਰਹੇ। 

ਇਸ ਵੇਲੇ ਮੁਲਕ ਦੇ ਅੰਦਰ ਹਾਲਾਤ ਇਹ ਬਣ ਚੁੱਕੇ ਹਨ, ਕਿ ਜੇਕਰ ਕੋਈ ਵਿਕਾਸ ਦੀ ਗੱਲ ਕਰਦਾ ਹੈ ਤਾਂ, ਉਹਨੂੰ ਖ਼ਰੀਆਂ ਖੋਟੀਆਂ ਸੁਨਣੀਆਂ ਪੈ ਰਹੀਆਂ ਹਨ। ਅਵਾਮ ਜੇਕਰ ਵਿਕਾਸ ਦੀ ਗੱਲ ਕਰਦੀ ਹੈ, ਕਿ ਸਾਡਾ ਵਿਕਾਸ ਕੀਤਾ ਜਾਵੇ, ਸਾਡੇ ਇਲਾਕੇ ਦੇ ਅੰਦਰ ਪੀਣ ਲਈ ਸ਼ੁੱਧ ਪਾਣੀ ਨਹੀਂ, ਚੰਗੇ ਸਕੂਲ ਅਤੇ ਸਿਹਤ ਸੰਸਥਾਵਾਂ ਨਹੀਂ ਤਾਂ, ਉਕਤ ਅਵਾਮ ਨੂੰ ਜਾਂ ਤਾਂ ਦੇਸ਼ ਧਰੋਹੀ ਸਾਬਤ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਉਨ੍ਹਾਂ 'ਤੇ ਮੁਕੱਦਮੇ ਠੋਕ ਦਿੱਤੇ ਜਾਂਦੇ ਹਨ। ਪਰ ਅਫ਼ਸੋਸ ਇਸ ਗੱਲ ਦਾ ਹੈ, ਕਿ ਜਿਹੜਾ ਹਾਕਮ ਸਬ ਕਾ ਸਾਥ, ਸਬ ਕਾ ਵਿਕਾਸ ਕਰਵਾਉਣ ਦਾ ਨਾਅਰਾ ਲਗਾਉਂਦਾ ਹੈ, ਉਹਦੇ ਝੂਠ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ।