ਆਖ਼ਰ ਓਹ ਕੌਣ ਨੇ, ਜਿਹੜੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਦੇ ਰਹੇ ਨੇ ਧਮਕੀਆਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 25 2021 16:38
Reading time: 2 mins, 12 secs

ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜੋ ਕਿ ਪਹਿਲੋਂ ਵਿਦਿਆਰਥੀ ਜਥੇਬੰਦੀ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸਨ, ਇੰਨੀਂ ਦਿਨੀਂ ਉਹ ਸੰਯੁਕਤ ਕਿਸਾਨ ਮੋਰਚੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਦਰਅਸਲ, ਕਿਸਾਨ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਹਨ ਅਤੇ ਅਕਸਰ ਹੀ ਉਹ ਵੱਖ ਵੱਖ ਮੁੱਦਿਆਂ 'ਤੇ ਸਰਕਾਰਾਂ ਨੂੰ ਘੇਰਦੇ ਰਹਿੰਦੇ ਹਨ।

ਵਿਦਿਆਰਥੀ ਜਥੇਬੰਦੀ ਦੇ ਵਿੱਚ ਕੰਮ ਕਰਦਿਆਂ ਹੋਇਆ ਰਜਿੰਦਰ ਸਿੰਘ ਨੇ ਚੰਗਾ ਨਾਂਅ ਕਮਾਇਆ ਅਤੇ ਵਿਦਿਆਰਥੀਆਂ ਦੇ ਹੱਕਾਂ ਖਾਤਰ ਉਨ੍ਹਾਂ ਨੇ ਧਰਨੇ ਵੀ ਮਾਰੇ। ਇਸ ਵੇਲੇ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਦਿੱਲੀ ਦੀਆਂ ਬਹੂਰਾਂ 'ਤੇ ਜੋ ਕਿਸਾਨ ਮੋਰਚਾ ਚੱਲ ਰਿਹਾ ਹੈ, ਉਹਦੇ ਵਿੱਚ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਹਿਮ ਯੋਗਦਾਨ ਪਾ ਰਹੇ ਹਨ, ਨਾਲ ਦੀ ਨਾਲ ਉਹ ਕਿਸਾਨਾਂ ਅਤੇ ਕਿਰਤੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ।

ਖੇਤੀ ਕਾਨੂੰਨਾਂ ਦੇ ਵਿਰੁੱਧ ਜਦੋਂ ਲੜ੍ਹਾਈ ਸ਼ੁਰੂ ਹੋਈ ਸੀ ਤਾਂ, ਉਸ ਵੇਲੇ ਤੋਂ ਹੀ ਰਜਿੰਦਰ ਸੰਘਰਸ਼ ਵਿੱਚ ਕੁੱਦੇ ਹੋਏ ਹਨ। ਥੋੜ੍ਹੇ ਸਮੇਂ ਵਿੱਚ ਚੰਗਾ ਨਾਮਨਾ ਖੱਟਣ ਵਾਲੇ ਕਿਸਾਨ ਆਗੂ ਰਜਿੰਦਰ ਸਿੰਘ ਨੂੰ ਇਸ ਵੇਲੇ ਕੁੱਝ ਕੁ ਲੋਕ ਧਮਕੀਆਂ ਦੇ ਕੇ ਡਰਾ ਧਮਕਾ ਰਹੇ ਹਨ। ਜਦੋਂਕਿ, ਰਜਿੰਦਰ ਸਿੰਘ ਜਿਹੇ ਇਨਕਲਾਬੀ ਨੌਜਵਾਨ ਨਾ ਤਾਂ ਕਦੇ ਕਿਸੇ ਤੋਂ ਡਰੇ ਹਨ ਅਤੇ ਨਾ ਹੀ ਡਰਨਗੇ।

ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਮਹਿਰਾਜ ਵਿਖੇ ਲੱਖਾ ਸਿਧਾਣਾ ਦੇ ਵੱਲੋਂ ਰੈਲੀ ਕੀਤੀ ਗਈ, ਜਿਸ ਦੇ ਵਿੱਚ ਵੱਖ ਵੱਖ ਧਿਰਾਂ ਦੇ ਨਾਲ ਜੁੜੇ ਲੋਕ ਜਿੱਥੇ ਪਹੁੰਚੇ, ਉੱਥੇ ਹੀ ਖ਼ਾਲਿਸਤਾਨੀ ਪੱਖੀ ਕੁੱਝ ਧੜੇ ਵੀ ਲੱਖੇ ਦੀ ਰੈਲੀ ਵਿੱਚ ਸ਼ਾਮਲ ਹੋਏ। ਬੇਸ਼ੱਕ ਲੱਖਾ ਸਿਧਾਣਾ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਇਹ ਰੈਲੀ ਕਰਦਿਆਂ ਹੋਇਆ, ਕਿਸਾਨ ਮੋਰਚੇ ਦੇ ਨਾਲ ਖੜਣ ਦਾ ਐਲਾਨ ਕੀਤਾ। 

ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਸ਼ਬਦਾਂ ਵਿੱਚ ਪਹਿਲੋਂ ਹੀ ਕਿਹਾ ਹੋਇਆ ਹੈ, ਕਿ ਅਲੱਗ ਰੈਲੀਆਂ ਅਤੇ ਅਲੱਗ ਸਟੇਜ਼ਾਂ ਲਗਾਉਣ ਵਾਲੇ ਕਿਸਾਨ ਹਮਾਇਤੀ ਨਹੀਂ ਹੋ ਸਕਦੇ, ਇਸ ਲਈ ਉਹ ਅਜਿਹੇ ਕਿਸੀ ਵੀ ਧਿਰ ਦੇ ਨਾਲ ਨਹੀਂ ਖੜਦੇ, ਜਿਨ੍ਹਾਂ ਦਾ ਏਜੰਡਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਘੱਟ ਅਤੇ ਆਪਣਾ ਫ਼ਿਰਕੂ ਏਜੰਡੇ ਅੱਗੇ ਵਧਾਉਣਾ ਜ਼ਿਆਦਾ ਹੈ।

ਦਰਅਸਲ, ਮਹਿਰਾਜ ਰੈਲੀ ਦੀ ਸਟੇਜ਼ ਤੋਂ ਕਿਸਾਨ ਮੋਰਚੇ ਨੂੰ ਢਾਹ ਲਗਾਉਣ ਵਾਲੀ ਗੱਲ ਇਹ ਸਾਹਮਣੇ ਆਈ ਕਿ, ਉੱਥੇ ਸਟੇਜ਼ 'ਤੇ ਕੁੱਝ ਮੋਰਚਾ ਖਦੇੜੂ ਅਨਸਰਾਂ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਧਮਕੀਆਂ ਦਿੱਤੀਆਂ। ਇਨ੍ਹਾਂ ਧਮਕੀਆਂ ਦਾ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨੋਟਿਸ ਲੈਂਦਿਆਂ ਹੋਇਆ ਕਿਹਾ ਹੈ ਕਿ ਇਹ ਅਨਸਰ, ਕਿਸਾਨ ਅੰਦੋਲਨ ਨੂੰ ਖਿੰਡਾਉਣ ਲਈ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਰਹੇ ਹਨ ਅਤੇ ਹੁਣ ਕਿਸਾਨ ਆਗੂਆਂ ਨੂੰ ਧਮਕੀਆਂ ਦੇ ਰਹੇ ਹਨ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਪਣੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕੋਈ ਵਿਅਕਤੀ ਨਹੀਂ, ਲਹਿਰ ਦਾ ਮੁੱਖ ਆਗੂ ਹੈ। ਉਸ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਢੁਕਵਾਂ ਜੁਆਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ, ਮਹਿਰਾਜ ਰੈਲੀ ਹਾਕਮ ਜਮਾਤਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਅਤੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਦੇ ਇਸ਼ਾਰੇ 'ਤੇ ਕੀਤੀ ਗਈ ਹੈ।