ਵਿਦੇਸ਼ੀ ਸ਼ਰਾਬ ਦੇ ਪੈੱਗ ਲਗਾਉਣਗੇ ਭਾਰਤੀ, ਓਹ ਵੀ ਸਸਤੇ ਭਾਅ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 23 2021 14:53
Reading time: 1 min, 32 secs

ਭਾਰਤ ਨੂੰ ਆਤਮ ਨਿਰਭਰ ਬਣਾਉਣ ਦਾ ਸੁਪਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਲੱਗਦਾ ਹੈ ਕਿ ਸਕਾਰ ਨਹੀਂ ਹੋਵੇਗਾ। ਕਿਉਂਕਿ ਆਤਮ ਨਿਰਭਰ ਮੁਹਿੰਮ ਨੂੰ ਤਾਂ ਘੁਣ ਖਾਣ ਵੀ ਲੱਗ ਪਿਆ ਹੈ। ਸਰਕਾਰ ਨੇ ਦਾਅਵਾ ਅਤੇ ਵਾਅਦਾ ਪਿਛਲੇ ਸਮੇਂ ਦੇ ਵਿੱਚ ਕੀਤਾ ਸੀ ਕਿ ਭਾਰਤ ਨੂੰ ਬਹੁਤ ਜਲਦ ਆਤਮ ਨਿਰਭਰ ਬਣਾਇਆ ਜਾਵੇ ਅਤੇ ਸਭ ਤੋਂ ਵਧ ਸਰਕਾਰ ਨੇ ਆਤਮ ਨਿਰਭਰ ਦਾ ਪ੍ਰਚਾਰ ਕੋਰੋਨਾ ਵਾਇਰਸ ਦੇ ਭਾਰਤ ਦੇ ਅੰਦਰ ਪਸਾਰੇ ਤੋਂ ਬਾਅਦ ਲਾਕਡਾਊਨ ਅਤੇ ਕਰਫ਼ਿਊ ਦੇ ਦੌਰਾਨ ਕੀਤਾ ਸੀ। 

ਪਰ, ਹੁਣ ਸਰਕਾਰ ਦਾ ਇਹ ਆਤਮ ਨਿਰਭਰ ਬਣਨ ਵਾਲਾ ਸੁਪਨਾ ਤਾਂ ਜਿੱਥੇ ਮਿੱਟੀ ਵਿੱਚ ਮਿਲ ਹੀ ਜਾਵੇਗਾ, ਉੱਥੇ ਹੀ ਭਾਰਤ ਦੇ ਅੰਦਰ ਫਿਰ ਤੋਂ ਵਿਦੇਸ਼ੀ ਕੰਪਨੀਆਂ ਦਾ ਵਪਾਰ ਸ਼ੁਰੂ ਹੋ ਜਾਵੇਗਾ। ਲੋਕਲ ਪਲੱਸ ਵੋਕਲ ਨਾਂਅ ਦੀ ਮੁਹਿੰਮ ਮੋਦੀ ਸਰਕਾਰ ਨੇ ਉਦੋਂ ਸ਼ੁਰੂ ਕੀਤੀ ਸੀ, ਜਦੋਂ ਚੀਨ ਦਾ ਵਪਾਰ ਭਾਰਤ ਨੇ ਰੋਕਿਆ ਸੀ। ਭਾਰਤ ਦੇ ਅੰਦਰ ਚੀਨ ਦੀਆਂ ਐਪਸ ਬੰਦ ਕਰਨ ਮਗਰੋਂ ਸਰਕਾਰ ਨੇ ਦਾਅਵਾ ਠੋਕਿਆ ਸੀ ਕਿ ਹੁਣ ਭਾਰਤ ਦੇ ਅੰਦਰ ਬਣਨ ਵਾਲੀਆਂ ਵਸਤੂਆਂ ਦੀ ਵਰਤੋਂ ਹੀ ਭਾਰਤ ਵਾਸੀ ਕਰਿਆ ਕਰਨਗੇ। 

ਭਾਰਤ ਵਾਸੀਆਂ ਨੇ ਇਹ ਨਹੀਂ ਸੀ ਸੋਚਿਆ ਹੋਣਾ, ਕਿ ਸਰਕਾਰ ਦਾ ਦਾਅਵਾ ਏਨੇ ਥੋੜੇ ਸਮੇਂ ਵਿੱਚ ਹੀ ਠੁੱਸ ਹੋ ਜਾਵੇਗਾ। ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਿਕ, ਕੇਂਦਰ ਵਿਚਲੀ ਮੋਦੀ ਸਰਕਾਰ ਯੂਰਪ ਦੀ ਵਾਈਨ ਅਤੇ ਸ਼ਰਾਬ ਉੱਤੇ ਬੇਸਿਕ ਕਸਟਮ ਡਿਊਟੀ ਘਟਾਉਣ ਦੀ ਤਿਆਰੀ ਵਿੱਚ ਹੈ। ਛਪੀ ਖ਼ਬਰ ਦੀ ਮੰਨੀਏ ਤਾਂ, ਵਪਾਰਕ ਤੇ ਉਦਯੋਗ ਮੰਤਰਾਲੇ ਅਤੇ ਖ਼ਾਦ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਅਲਕੋਹਲ ਨਿਰਮਾਤਾ ਕੰਪਨੀਆਂ ਦੇ ਨਾਲ ਪਿਛਲੇ ਦਿਨੀਂ ਮੀਟਿੰਗ ਕੀਤੀ ਗਈ ਸੀ। 

ਜਿਸ ਦੇ ਵਿੱਚ ਸਰਕਾਰ ਯੂਰਪੀ ਸੰਘ (ਈਯੂ) ਦੇ ਨਾਲ ਈਯੂ-ਇੰਡੋ ਟਰੇਡ ਟਿਟੀ ਕਰਨ ਦੀ ਤਿਆਰੀ ਵਿੱਚ ਹੈ ਅਤੇ ਇਸਦੇ ਤਹਿਤ ਹੀ ਇਹ ਕਵਾਇਦ ਚੱਲ ਰਹੀ ਹੈ। ਸਰਕਾਰੀ ਸੂਤਰਾਂ ਦੀ ਮੰਨੀਏ ਤਾਂ, ਮੋਦੀ ਸਰਕਾਰ ਭਾਰਤ ਦੇ ਅੰਦਰ ਵਿਦੇਸ਼ੀ ਸ਼ਰਾਬ ਦੇ ਵਪਾਰ ਨੂੰ ਹੋਰ ਬੜਾਵਾਂ ਦੇਣ ਦੀ ਤਿਆਰੀ ਵਿੱਚ ਹੈ। ਇਸੇ ਦੇ ਚੱਲਦਿਆਂ ਹੋਇਆ ਵਿਦੇਸ਼ੀ ਅਲਕੋਹਲ ਉੱਤੇ ਪਹਿਲੋਂ ਜੋ 150 ਫ਼ੀਸਦ ਕਸਟਮ ਡਿਊਟੀ ਹੈ, ਉਸਨੂੰ 75 ਫ਼ੀਸਦੀ ਤੱਕ ਲਗਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਵਿੱਚ ਵਿਦੇਸ਼ੀ ਸ਼ਰਾਬ ਸਸਤੀ ਹੋ ਜਾਵੇਗੀ।