ਅਵਾਮ ਦਾ ਇਕੱਠ ਤਖ਼ਤਾ ਵੀ ਪਲਟ ਦਿੰਦੈ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 23 2021 14:50
Reading time: 2 mins, 3 secs

ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਿਸਾਨਾਂ ਦਾ ਮੋਰਚਾ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨਾਂ ਦਾ ਗੁੱਸਾ ਲਗਾਤਾਰ ਕੇਂਦਰ ਸਰਕਾਰ ਦੇ ਵਿਰੁੱਧ ਵਧਦਾ ਹੀ ਜਾ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਇਲਾਵਾ ਦਿੱਲੀ ਦੇ ਅੰਦਰ ਵਾਪਰੀ ਹਿੰਸਕ ਘਟਨਾਵਾਂ ਤੋਂ ਬਾਅਦ ਗੋਦੀ ਮੀਡੀਆ ਇਹ ਕਹਿ ਰਿਹਾ ਸੀ ਕਿ ਕਿਸਾਨਾਂ ਦੀ ਭੀੜ ਮੋਰਚੇ ਦੇ ਵਿੱਚ ਘੱਟ ਗਈ ਹੈ। 

ਜਦੋਂਕਿ ਕਿਸਾਨ ਏਕਤਾ ਮੋਰਚਾ ਦੀ ਬਦੌਲਤ ਮੋਰਚੇ ਦੇ ਵਿੱਚ ਭੀੜ ਘਟੀ ਨਹੀਂ, ਬਲਕਿ ਵਧੀ ਹੈ। ਕਿਸਾਨਾਂ ਦੀ ਵੱਧ ਰਹੀ ਦਿੱਲੀ ਦੇ ਬਾਰਡਰ 'ਤੇ ਭੀੜ ਤੋਂ ਕੇਂਦਰ ਸਰਕਾਰ ਜਿੱਥੇ ਪੂਰੀ ਤਰ੍ਹਾਂ ਨਾਲ ਡਰ ਚੁੱਕੀ ਹੈ, ਉੱਥੇ ਹੀ ਲਗਾਤਾਰ ਕਿਸਾਨਾਂ ਨੂੰ ਝੂਠੇ ਮੁਕੱਦਮਿਆਂ ਦੇ ਵਿੱਚ ਫ਼ਸਾ ਰਹੀ ਹੈ। ਕੇਂਦਰ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਤਾਂ ਉਸੇ ਦਿਨ ਹੀ ਸਭਨਾਂ ਲੋਕਾਂ ਨੂੰ ਵਿਖਾਈ ਦੇ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਹਿ ਦਿੱਤਾ ਸੀ। 

ਕਿਸਾਨਾਂ ਨੇ ਮੋਦੀ ਦੇ ਇਸ ਭਾਸ਼ਣ ਦਾ ਸਵਾਗਤ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਅੰਦੋਲਨਜੀਵੀ ਹਨ ਤਾਂ, ਮੋਦੀ ਟੋਲਾ ਕੀ ਹੈ ਫਿਰ, ਮਾਫ਼ਜੀਵੀ? ਖ਼ੈਰ, ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਮੋਰਚੇ ਨੂੰ ਲੈ ਕੇ ਅਜਿਹਾ ਸ਼ਰਮਨਾਕ ਕੱਲ੍ਹ ਬਿਆਨ ਦਿੱਤਾ, ਜਿਸ ਤੋਂ ਮਗਰੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ, ਕਿਸਾਨਾਂ ਦੇ ਮੋਰਚੇ ਨੂੰ ਹੀ ਢਾਹ ਲਗਾਉਣਾ ਚਾਹੁੰਦੀ ਹੈ। ਤੋਮਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਉਹ (ਸਰਕਾਰ) ਤਿਆਰ ਹੈ।

ਤੋਮਰ ਨੇ ਕਿਹਾ ਕਿ, ਸਿਰਫ਼ ਭੀੜ ਇਕੱਠੀ ਕਰਨ ਨਾਲ ਕੋਈ ਕਾਨੂੰਨ ਰੱਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਯੂਨੀਅਨਾਂ ਦੱਸਣ ਕੇ ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਉਹ ਕੀ ਕਿਸਾਨ ਵਿਰੋਧੀ ਸਮਝਦੇ ਹਨ? ਵੇਖਿਆ ਜਾਵੇ ਤਾਂ, ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਕਿਸਾਨ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਸਮਝਾ ਚੁੱਕੇ ਹੋਏ ਹਨ। ਕਿਸਾਨਾਂ ਨੇ ਹੁਣ ਤੱਕ 11 ਮੀਟਿੰਗਾਂ ਕੇਂਦਰ ਨਾਲ ਕੀਤੀਆਂ ਹਨ ਅਤੇ ਕਾਨੂੰਨਾਂ ਦੇ ਨੁਕਸਾਨ ਅਤੇ ਕਾਰਪੋਰੇਟਰਾਂ ਨੂੰ ਫ਼ਾਇਦੇ ਪਹੁੰਚਾਉਣ ਵਾਲੀ ਗੱਲ ਕਿਸਾਨਾਂ ਨੇ ਸਰਕਾਰ ਨੂੰ ਦੱਸ ਦਿੱਤੀ ਹੋਈ ਹੈ।

ਪਰ ਇਸ ਦੇ ਬਾਵਜੂਦ ਵੀ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨ ਯੂਨੀਅਨਾਂ ਦੱਸਣ ਕੇ ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਕੀ ਕਿਸਾਨ ਵਿਰੋਧੀ ਸਮਝਦੇ ਹਨ? ਦੂਜੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬਿਆਨ ਮਗਰੋਂ, ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਨਰਿੰਦਰ ਤੋਮਰ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ ਕਿ, ਜਦੋਂ ਅਵਾਮ ਦਾ ਇਕੱਠ ਹੁੰਦਾ ਹੈ ਤਾਂ, ਸਰਕਾਰਾਂ ਦੇ ਤਖ਼ਤੇ ਪਲਟੇ ਜਾਂਦੇ ਹਨ, ਇਸ ਲਈ ਤੋਮਰ ਸਾਹਿਬ ਨੂੰ ਜਿਹੜਾ ਵਹਿਮ ਹੈ, ਉਹ ਵੀ ਛੇਤੀ ਕੱਢ ਦਿਆਂਗੇ।