ਗੱਲ ਸਿਰੇ ਨਾ ਚੜ੍ਹੀ, ਪਰ ਟਰੈਕਟਰ ‘ਆਊਟਰ ਰਿੰਗ ਰੋਡ’ ਉੱਤੇ ਜ਼ਰੂਰ ਚੜ੍ਹਣਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 22 2021 13:22
Reading time: 1 min, 54 secs

ਕਿਸਾਨ ਪਿਛਲੇ ਕਾਫ਼ੀ ਦਿਨਾਂ ਤੋਂ ਇਹ ਮੰਗ ਕਰ ਰਹੇ ਹਨ, ਕਿ ਉਹ ਦਿੱਲੀ ਦੇ ‘ਆਊਟਰ ਰਿੰਗ ਰੋਡ’ ਉੱਤੇ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨਾ ਚਾਹੁੰਦੇ ਹਨ। ਪਰ ਇਸ ’ਤੇ ਜਿੱਥੇ ਸੁਪਰੀਮ ਕੋਰਟ ਨੇ ਆਪਣਾ ਪੱਲਾ ਛੁਡਾਉਂਦੇ ਹੋਏ ਦਿੱਲੀ ਪੁਲਿਸ ਹਵਾਲੇ ਸਾਰਾ ਮਾਮਲਾ ਕਰ ਦਿੱਤਾ ਹੈ, ਉਥੇ ਹੀ ਕੇਂਦਰ ਸਰਕਾਰ ਵੀ ਲਗਾਤਾਰ ਕਿਸਾਨਾਂ ਦੀ ਇਸ ਟਰੈਕਟਰ ਪਰੇਡ ਨੂੰ ਰੋਕਣ ਦੇ ਲਈ ਅਥਾਹ ਕੋਸ਼ਿਸ਼ਾਂ ਕਰ ਰਹੀ ਹੈ।

ਕੇਂਦਰ ਸਰਕਾਰ ਚਾਹੁੰਦੀ ਹੈ, ਕਿ ਕਿਸਾਨ ਟਰੈਕਟਰ ਪਰੇਡ ਨਾ ਕਰਨ, ਪਰ ਕਿਸਾਨਾਂ ਦੀ ਜਿੰਦ ਹੈ, ਕਿ ਉਹ ਪਰੇਡ ਕੀਤੇ ਬਿਨ੍ਹਾਂ ਰਹਿ ਨਹੀਂ ਸਕਦੇ। ਕਿਉਂਕਿ, ਆਜ਼ਾਦ ਭਾਰਤ ਦੇ ਅੰਦਰ ਹਰ ਕਿਸੇ ਨੂੰ 26 ਜਨਵਰੀ ਜਾਂ ਫਿਰ 15 ਅਗਸਤ ’ਤੇ ਪਰੇਡ ਕਰਨ ਦਾ ਹੱਕ ਹੈ। ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ’ਤੇ ਵਾਰ ਵਾਰ ਪਾਣੀ ਫਿਰ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਗ਼ੈਰ ਦਿੱਲੀ ਦੀਆਂ ਸਰਹੱਦਾਂ ਤੋਂ ਜਾਣ ਵਾਲੇ ਨਹੀਂ। 

ਪਰ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਅਖਤਿਆਰ ਕਰਕੇ ਕਿਸਾਨਾਂ ਨੂੰ ਵਾਰ ਵਾਰ ਗੁੰਮਰਾਹ ਕਰਨ ’ਤੇ ਜ਼ੋਰ ਦੇ ਰਹੀ ਹੈ। ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ ਹਨ, ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਤਿਆਰ ਨਹੀਂ। ਲੰਘੇ ਕੱਲ੍ਹ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਰੈਕਟਰ ਪਰੇਡ ਨੂੰ ਲੈ ਕੇ ਇੱਕ ਵਿਸੇਸ਼ ਮੀਟਿੰਗ ਹੋਈ। ਪੁਲਿਸ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਟਰੈਕਟਰ ਪਰੇਡ ਨਹੀਂ ਕਰਨ ਦੇਣਗੇ। 

ਕਿਉਂਕਿ ਇਸ ਦੇ ਨਾਲ ਕਾਨੂੰਨ ਅਮਨ ਸ਼ਾਂਤੀ ਭੰਗ ਹੁੰਦੀ ਹੈ, ਪਰ ਦੂਜੇ ਪਾਸੇ ਕਿਸਾਨਾਂ ਨੇ ਪੁਲਿਸ ਨੂੰ ਕਿਹਾ ਕਿ, ਉਹ ਪੂਰੇ ਅਨੁਸਾਸ਼ਨਿਕ ਤਰੀਕੇ ਦੇ ਨਾਲ ਟਰੈਕਟਰ ਪਰੇਡ ਕਰਨਗੇ ਅਤੇ ਕਿਸੇ ਪ੍ਰਕਾਰ ਦੀ ਕੋਈ ਹੁੱਲੜਬਾਜੀ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਜਾਣ ਬੁੱਝ ਕੇ ਮਾਹੌਲ ਖ਼ਰਾਬ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ, ਸਰਕਾਰ ਚਾਹੁੰਦੀ ਹੈ ਕਿ ਟਰੈਕਟਰ ਮਾਰਚ ਨਾ ਹੋਵੇ, ਪਰ ਕਿਸਾਨਾਂ ਦੀ ਮੰਗ ਹੈ ਕਿ ਇਹ ਟਰੈਕਟਰ ਮਾਰਚ ਤਾਂ ਹੁਣ ਹੋ ਕੇ ਹੀ ਰਹੇਗਾ। 

ਦਰਸ਼ਨਪਾਲ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਹੀ ਰਿਹਾ ਹੈ, ਜਿਸ ਦੇ ਕਾਰਨ ਦਿੱਲੀ ਪੁਲਿਸ ਜਾਂ ਫਿਰ ਕੇਂਦਰ ਸਰਕਾਰ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ, ਇਹ ਸਾਨੂੰ ਟਰੈਕਟਰ ਮਾਰਚ ਕਰਨ ਦੀ ਇਜਾਜਤ ਦੇਣਗੇ। ਦੱਸਦੇ ਚੱਲੀਏ ਕਿ, 26 ਜਨਵਰੀ ਨੂੰ ਕਿਸਾਨਾਂ ਵੱਲੋਂ ਐਲਾਨੀ ਗਈ ਕਿਸਾਨ ਟਰੈਕਟਰ ਪਰੇਡ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਤੀਜੇ ਗੇੜ ਦੀ ਮੀਟਿੰਗ ਕੱਲ੍ਹ ਬੇਸਿੱਟਾ ਰਹੀ ਹੈ। ਜਿਸ ਦੇ ਕਾਰਨ ਕਿਸਾਨਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਦਾ ਸ਼ਰੇਆਮ ਕਹਿਣਾ ਹੈ, ਕਿ ਉਹ ਗੱਲਬਾਤ ਭਾਵੇਂ ਸਿਰੇ ਨਹੀਂ ਚੜ੍ਹ ਸਕੀ, ਪਰ ਕਿਸਾਨਾਂ ਦੇ ਟਰੈਕਟਰ ‘ਆਊਟਰ ਰਿੰਗ ਰੋਡ’ ਉੱਤੇ ਜ਼ਰੂਰ ਚੜ੍ਹਣਗੇ।