ਭਾਰਤ ਮੁੜ ਗ਼ੁਲਾਮੀ ਵਾਲੇ ਪਾਸੇ ਤੁਰ ਚੱਲਿਆ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 21 2021 13:07
Reading time: 1 min, 37 secs

ਇਸ ਵੇਲੇ ਦਿੱਲੀ ਦੀਆਂ ਸਰਹੱਦਾਂ ’ਤੇ ਲੱਗਿਆ ਕਿਸਾਨ ਅੰਦੋਲਨ, ਹੁਣ ਇਕੱਲੇ ਕਿਸਾਨ ਦਾ ਤਾਂ ਰਿਹਾ ਨਹੀਂ, ਬਲਕਿ ਸਮੂਹ ਵਰਗ ਇਸ ਅੰਦੋਲਨ ਦੇ ਵਿੱਚ ਜੁੜ ਚੁੱਕੇ ਹਨ, ਪਰ ਸਰਕਾਰ ਨੂੰ ਲੱਗਦਾ ਹੈ, ਕਿ ਇਹ ਅੰਦੋਲਨ ਇਕੱਲੇ ਕਿਸਾਨ ਦਾ ਹੀ ਹੈ। ਵੈਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿੰਨਾ ਵੱਡਾ ਜਿਗਰਾ ਹੋਵੇਗਾ, ਜੋ ਕੜਾਕੇ ਦੀ ਠੰਢ ਵਿੱਚ ਆਪਣੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਬਜ਼ੁਰਗ, ਮਾਤਾਵਾਂ, ਬੀਬੀਆਂ, ਬੱਚਿਆਂ ਅਤੇ ਨੌਜਵਾਨਾਂ ਨੂੰ ਛੱਡ ਕੇ ਆਪ ਵਿਦੇਸ਼ੀ ਦੌਰੇ ਕਰਦਾ ਹੋਵੇਗਾ। 

ਖ਼ੈਰ, ਇਸ ਵੇਲੇ ਭਾਵੇਂ ਹੀ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਮਜ਼ਦੂਰ, ਨੌਜਵਾਨ ਬਜ਼ੁਰਗ ਬੀਬੀਆਂ ਬੱਚੇ ਬੈਠੇ ਹੋਏ ਹਨ, ਪਰ ਇਸ ਦੇ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਛੱਡ ਕੇ, ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ਕਰਨ ਬਾਰੇ ਸੋਚ ਰਿਹਾ ਹੈ। ਇੱਕ ਪਾਸੇ ਤਾਂ, ਕਿਸਾਨ ਆਗੂ ਦੋਸ਼ ਲਗਾ ਰਹੇ ਹਨ ਕਿ ਜਦੋਂ ਤੋਂ ਮੋਦੀ ਸਰਕਾਰ ਦੇਸ਼ ਦੀ ਸੱਤਾ ਵਿੱਚ ਆਈ ਹੈ, ਉਦੋਂ ਤੋਂ ਵਿਕਾਸ ਪੈਦਾ ਨਹੀਂ ਹੋਇਆ, ਦੂਜੇ ਪਾਸੇ ਭਗਤ ਕਹਿ ਰਹੇ ਹਨ ਕਿ ਮੋਦੀ ਜੀ ਦੇ ਵਿਦੇਸ਼ੀ ਦੌਰਿਆਂ ਦਾ ਬਹੁਤ ਜ਼ਿਆਦਾ ਭਾਰਤ ਨੂੰ ਫ਼ਾਇਦਾ ਮਿਲਿਆ ਹੈ।

‘ਨਿਊਜ਼ਨੰਬਰ’ ਦੇ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਹੋਇਆ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕੇਂਦਰ ਵਿਚਲੀ ਮੋਦੀ ਸਰਕਾਰ, ਸਾਮਰਾਜੀ ਸੰਸਥਾਵਾਂ ਕੌਮਾਂਤਰੀ ਮੁਦਰਾ ਕੌਸ਼, ਵਿਸਵ ਬੈਂਕ ਅਤੇ ਵਿਸਵ ਵਪਾਰ ਸੰਸਥਾ ਦੇ ਇਸ਼ਾਰਿਆ ’ਤੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਰੋਟੀ-ਰੋਜੀ ਖੋਹ ਰਹੀ ਹੈ ਅਤੇ ਦੇਸ਼ ਨੂੰ ਮੁੜ ਤੋਂ ਗੁਲਾਮੀ ਵਾਲੇ ਪਾਸੇ ਤੋਰ ਰਹੀ ਹੈ। ਦੇਸ਼ ਭਰ ਦੇ ਕਿਰਤੀ ਕੇਂਦਰ ਵਿਰੁੱਧ ਲਾਮਬੰਦ ਅਤੇ ਜਥੇਬੰਦ ਹੋ ਰਹੇ ਹਨ ਅਤੇ ਸਰਕਾਰ ਦੇ ਲੋਕ ਮਾਰੂ ਫੈਸਲੇ ਲਾਗੂ ਨਹੀਂ ਹੋਣ ਦੇਣਗੇ।

ਪਰ, ਸਰਕਾਰ ਲੋਕਾਂ ’ਤੇ ਦਬਾਅ ਬਣਾ ਰਹੀ ਹੈ, ਕਿ ਅੰਦੋਲਨ ਵਾਪਸ ਲਿਆ ਜਾਵੇ। ਦਰਅਸਲ, ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਭਾਰਤ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਸਾਰੀਆਂ ਹੱਕੀ ਮੰਗਾਂ ਸਵਿਕਾਰਦੇ ਹੋਏ ਕਿਸਾਨ ਅਤੇ ਲੋਕ ਵਿਰੋਧੀ ਖੇਤੀ ਸਬੰਧੀ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਫੌਰੀ ਤੌਰ ’ਤੇ ਵਾਪਸ ਲਵੇ। ਨਵੇਂ ਬਣਾਏ ਕਿਰਤ ਕਾਨੂੰਨ ਵਾਪਸ ਲਿਆ ਜਾਵੇ ਅਤੇ ਕੰਮ ਘੰਟਿਆਂ ਵਿੱਚ ਕੀਤੀਆਂ ਬੇਲੋੜੀਆਂ ਤਬਦੀਲੀਆਂ (8 ਘੰਟੇ ਦਿਹਾੜੀ ਥਾਂ 12 ਘੰਟੇ ਆਦਿ) ਫੌਰੀ ਤੌਰ ’ਤੇ ਵਾਪਸ ਲਈ ਜਾਵੇ।