ਕਿਸਾਨ ਧਰਨੇ ਦੇ ਵਿੱਚ ਅੱਤਵਾਦੀ ਵੜ੍ਹ ਆਏ ਹਨ, ਇਸ ਲਈ ਇਹ ਕਿਸਾਨ ਮੋਰਚਾ ਕਦੇ ਸਫ਼ਲ ਨਹੀਂ ਹੋਵੇਗਾ। ਇਹ ਕਹਿਣਾ ਸਾਡਾ ਤਾਂ ਨਹੀਂ ਹੈ, ਪਰ ਜਿੰਨੇ ਵੀ ਅਜਿਹਾ ਬਿਆਨ ਦਿੱਤਾ ਹੈ, ਉਹ ਪੱਕਾ ਕਿਸਾਨ ਵਿਰੋਧੀ ਹੀ ਹੋਵੇਗਾ। ਕਿਸਾਨਾਂ ਦੇ ਵਿਰੋਧੀ ਇਸ ਵਕਤ ਕੋਈ ਹੋਰ ਨਹੀਂ, ਬਲਕਿ ਗੋਦੀ ਮੀਡੀਆ ਆਲਿਆਂ ਤੋਂ ਇਲਾਵਾ ਸਮੂਹ ਭਾਜਪਾਈ ਹਨ, ਜੋ ਲਗਾਤਾਰ ਕਿਸਾਨ ਮੋਰਚੇ ਨੂੰ ਕੁਚਲਨ ਲਈ ਪੂਰਾ ਜ਼ੋਰਾ ਲਗਾ ਰਹੇ ਹਨ। ਗੋਦੀ ਮੀਡੀਆ ਨੂੰ ਜਿੱਥੇ ਪਹਿਲੋਂ ਇਹ ਮੋਰਚਾ ਖ਼ਾਲਿਸਤਾਨੀਆਂ, ਅੱਤਵਾਦੀਆਂ ਅਤੇ ਵੱਖਵਾਦੀਆਂ ਦਾ ਜਾਪਦਾ ਸੀ।
ਉੱਥੇ ਹੀ ਹੁਣ ਦਿੱਲੀ ਦੀਆਂ ਸਰਹੱਦਾਂ ’ਤੇ ਲੱਗਿਆ ਕਿਸਾਨਾਂ ਦਾ ਪੱਕਾ ਮੋਰਚਾ ਭਾਜਪਾਈ ਸੰਸਦ ਮੈਂਬਰ ਨੂੰ ਅੱਤਵਾਦੀਆਂ ਦਾ ਮੋਰਚਾ ਜਾਪਣ ਲੱਗ ਗਿਆ ਹੈ। ਦਰਅਸਲ, ਲੰਘੇ ਦਿਨੀਂ ਰਾਜਸਥਾਨ ਦੇ ਦੌਸਾ ਤੋਂ ਭਾਜਪਾਈ ਮੈਂਬਰ ਆਫ਼ ਪਾਰਲੀਮੈਂਟ ਜਸਕੌਰ ਮੀਨਾ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ, ਇਸ ਵਕਤ ਜੋ ਦਿੱਲੀ ਦੀਆਂ ਸਰਹੱਦਾਂ ’ਤੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਧਰਨਾ ਚੱਲ ਰਿਹਾ ਹੈ, ਉਹ ਧਰਨਾ ਕਿਸਾਨਾਂ ਦਾ ਨਹੀਂ, ਬਲਕਿ ਅੱਤਵਾਦੀਆਂ ਦਾ ਹੈ, ਕਿਉਂਕਿ ਧਰਨੇ ਵਿੱਚ ਅੱਤਵਾੜੀ ਵੜ ਆਏ ਹਨ।
ਭਾਜਪਾਈ ਮੈਂਬਰ ਆਫ਼ ਪਾਰਲੀਮੈਂਟ ਜਸਕੌਰ ਮੀਨਾ ਦੇ ਬਿਆਨ ਤੋਂ ਮਗਰੋਂ ਸਵਾਲ ਇਹ ਉੱਠਣੇ ਸ਼ੁਰੂ ਹੋ ਗਏ ਹਨ, ਕਿ ਜੇਕਰ ਵਾਕਿਆ ਹੀ ਇਸ ਵਕਤ ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਕਿਸਾਨ ਧਰਨੇ ਦੇ ਵਿੱਚ ਅੱਤਵਾਦੀ ਵੜ੍ਹ ਆਏ ਹਨ ਤਾਂ, ਕੇਂਦਰ ਸਰਕਾਰ, ਪੁਲਿਸ, ਸੁਰੱਖਿਆ ਏਜੰਸੀਆਂ, ਖੁਫ਼ੀਆ ਏਜੰਸੀਆਂ ਕੀ ਕਰ ਰਹੀਆਂ ਹਨ? ਕਿਉਂ ਨਹੀਂ ਕਿਸਾਨੀ ਧਰਨੇ ਵਿੱਚ ਦਿੱਸ ਰਹੇ ਅੱਤਵਾਦੀਆਂ ਨੂੰ ਫੜ ਰਹੀਆਂ?
ਕੀ ਅਜਿਹੇ ਬਿਆਨ ਭਾਜਪਾਈ ਸਿਰਫ਼ ਸੁਰਖ਼ੀਆਂ ਵਿੱਚ ਆਉਣ ਵਾਸਤੇ ਦਿੰਦੇ ਹਨ, ਜਾਂ ਫਿਰ ਇਨ੍ਹਾਂ ਨੂੰ ਉੱਪਰੋਂ ਆਪਣੇ ਆਕਾ ਦਾ ਹੁਕਮ ਹੁੰਦਾ ਹੈ, ਅਜਿਹੇ ਬਿਆਨ ਦੇ ਲਈ? ਦਰਅਸਲ, ਭਾਜਪਾਈ ਮੈਂਬਰ ਆਫ਼ ਪਾਰਲੀਮੈਂਟ ਜਸਕੌਰ ਮੀਨਾ ਨੇ ਵਿਵਾਦਿਅ ਬਿਆਨ ਜੋ ਦਿੱਤਾ ਗਿਆ, ਉਸ ਨੂੰ ਰਾਜਸਥਾਨ ਸੂਬਾ ਇਕਾਈ ਦੇ ਵੱਲੋਂ ਸਹੀ ਠਹਿਰਾਇਆ ਗਿਆ ਹੈ ਅਤੇ ਕਿਹਾ ਗਿਆ ਹੈ, ਕਿ ਵਾਕਿਆ ਹੀ ਕਿਸਾਨ ਧਰਨੇ ਵਿੱਚ ਅੱਤਵਾਦੀ ਵੜ ਆਏ ਹਨ।
ਭਾਜਪਾਈ ਮੈਂਬਰ ਆਫ਼ ਪਾਰਲੀਮੈਂਟ ਜਸਕੌਰ ਮੀਨਾ ਦਾ ਇਹ ਬਿਆਨ ਇਸ ਵਕਤ ਵੱਖ ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਅਤੇ ਆਪਣੀ ਇੱਕ ਵੀਡੀਓ ਵਿੱਚ ਮੀਨਾ ਇਹ ਕਹਿੰਦੇ ਵੀ ਸੁਣਾਈ ਦੇ ਰਹੇ ਹਨ ਕਿ ਧਰਨੇ ਵਿੱਚ ਕਿਸਾਨ ਤਾਂ ਬਹੁਤ ਘੱਟ ਹਨ, ਬਲਕਿ ਬੰਦੂਕਾਂ ਵਾਲੇ ਅੱਤਵਾਦੀ ਜਿਆਦਾ ਹਨ, ਜਿਨ੍ਹਾਂ ਦੇ ਹੱਥ ਵਿੱਚ ਖ਼ਾਲਿਸਤਾਨ ਦੇ ਝੰਡੇ ਹਨ।
ਵੈਸੇ, ਵੇਖਿਆ ਜਾਵੇ ਤਾਂ, ਦੇਸ਼ ਦਾ ਅੰਨਦਾਤਾ ਇਸ ਵਕਤ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਹੋਇਆ ਮੰਗ ਕਰ ਰਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਪਰ ਸਰਕਾਰ ਟੱਸ ਤੋਂ ਮੱਸ ਤਾਂ ਹੋ ਨਹੀਂ ਰਹੀ, ਉਲਟਾ ਕਿਸਾਨਾਂ ’ਤੇ ਦਬਾਅ ਬਣਾ ਰਹੀ ਹੈ, ਕਿ ਉਹ ਆਪਣਾ ਅੰਦੋਲਨ ਵਾਪਸ ਲੈ ਲੈਣ ਅਤੇ ਉੱਪਰੋਂ, ਭਾਜਪਾਈ ਮੈਂਬਰ ਆਫ਼ ਪਾਰਲੀਮੈਂਟ ਜਸਕੌਰ ਮੀਨਾ ਵਰਗਿਆਂ ਦੇ ਬਿਆਨ ਆ ਰਹੇ ਹਨ ਕਿ ਕਿਸਾਨ ਧਰਨੇ ਵਿੱਚ ਅੱਤਵਾਦੀ ਵੜ੍ਹ ਆਏ ਹਨ। ਸਵਾਲ ਆਖਰ ’ਤੇ ਫਿਰ ਉਹ ਹੀ ਹੈ, ਕਿ ਜੇਕਰ ਕਿਸਾਨ ਧਰਨੇ ਵਿੱਚ ਅੱਤਵਾਦੀ ਵੜ ਆਏ ਹਨ ਤਾਂ, ਉਨ੍ਹਾਂ ਨੂੰ ਗਿ੍ਰਫਤਾਰ ਕਿਉਂ ਨਹੀਂ ਪੁਲਿਸ ਕਰ ਰਹੀ ਹੈ?