ਭੜਕਾਓ ਬਿਆਨਬਾਜ਼ੀ ਕਰਨ ਵਾਲੇ ਵਿਦੇਸ਼ਾਂ ’ਚ ਮਾਨ ਰਹੇ ਨੇ ਮੌਜ਼ਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 21 2021 12:56
Reading time: 1 min, 57 secs

ਭਾਵੇਂ 26 ਜਨਵਰੀ, 15 ਅਗਸਤ ਤੋਂ ਇਲਾਵਾ ਦੀਵਾਲੀ ਜਾਂ ਫਿਰ ਨਵੇਂ ਸਾਲ ਦੇ ਮੌਕੇ ’ਤੇ, ਦਿੱਲੀ ਸਥਿਤ ਲਾਲ ਕਿਲ੍ਹੇ ਨੂੰ ਉਡਾਉਣ ਦੀਆਂ ਧਮਕੀਆਂ ਅੱਤਵਾਦੀ ਸੰਗਠਨਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀਆਂ ਦਿੱਤੀਆਂ ਧਮਕੀਆਂ ਨੂੰ ਸਾਡੇ ਦੇਸ਼ ਦੀਆਂ ਸੁਰੱਖਿਆ ਫੋਰਸਾਂ ਨਾਕਾਮ ਕਰ ਦਿੰਦੀਆਂ ਹਨ। ਹਰ ਸਾਲ ਹੀ ਕੋਈ ਨਾ ਕੋਈ ਅਜਿਹੀ ਜਥੇਬੰਦੀ ਉੱਠ ਖੜਦੀ ਹੈ, ਜਿਹੜੀ ਦੇਸ਼ ਦੇ ਵਾਸਤੇ ਸਿਰਦਰਦੀ ਬਣਦੀ ਹੈ। ਵੈਸੇ, ਦੇਸ਼ ਦੇ ਲੀਡਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਕਾਰਨ ਹੀ ਅਜਿਹਾ ਕੁੱਝ ਸਾਡੇ ਦੇਸ਼ ਦੇ ਅੰਦਰ ਹੁੰਦਾ ਹੈ। 

ਜਿਹੜੇ ਦੇਸ਼ ਦੇ ਵਿੱਚ ਰੁਜ਼ਗਾਰ, ਨੌਕਰੀਆਂ, ਕਿਸਾਨ ਅਤੇ ਆਮ ਲੋਕ ਖ਼ੁਸ਼ਹਾਲ ਹਨ, ਉੱਥੇ ਅੱਤਵਾਦੀਆਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ। ਕਿਸਾਨਾਂ ਦੇ ਟਰੈਕਟਰ ਪਰੇਡ ਦੇ ਸੱਦੇ ਕਾਰਨ ਭਾਵੇਂ ਹੀ ਇਸ ਵਾਰ ਦਾ 26 ਜਨਵਰੀ ਦਾ ਗਣਤੰਤਰ ਦਿਵਸ ਕੁੱਝ ਖ਼ਾਸ ਹੋਣ ਵਾਲਾ ਹੈ, ਪਰ ਇਸ ਵਾਰ ਵੀ ਜਿੱਥੇ ਕਿਸਾਨਾਂ ਦੇ ਰੋਹ ਧਰਨੇ ਨੂੰ ਕੁਚਲਣ ਲਈ ਕੇਂਦਰ ਵਿਚਲੀ ਮੋਦੀ ਸਰਕਾਰ ਪੂਰੀ ਵਾਹ ਲਗਾਈ ਬੈਠੀ ਹੈ, ਉੱਥੇ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਖ਼ਾਲਿਸਤਾਨੀ ਲਗਾਤਾਰ ਵਿਵਾਦਿਤ ਵੀਡੀਓ ਜਾਰੀ ਕਰਕੇ, ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ। 

ਦਰਅਸਲ, ਇਸ ਵੇਲੇ ਦੇਸ਼ ਦਾ ਕਿਸਾਨ, ਮਜ਼ਦੂਰ, ਕਿਰਤੀ, ਨੌਜਵਾਨ, ਬਜ਼ੁਰਗ, ਮਾਤਾਵਾਂ ਅਤੇ ਬੱਚਿਆਂ ਤੋਂ ਇਲਾਵਾ ਹਰ ਵਰਗ, ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਇਆ ਹੈ ਤਾਂ ਇਸੇ ਦੌਰਾਨ ਹੀ ਵਿਦੇਸ਼ਾਂ ਵਿੱਚ ਪੱਕੇ ਰਹਿ ਰਹੇ, ਖ਼ਾਲਿਸਤਾਨੀ ਯੂ. ਟਿਊਬ ਚੈਨਲਾਂ ਰਾਹੀਂ ਪੰਜਾਬੀ ਮੁੰਡਿਆਂ ਨੂੰ ਭੜਕਾ ਰਹੇ ਹਨ ਅਤੇ ਖ਼ਾਲਿਸਤਾਨ ਦੀ ਮੰਗ ਕਰ ਰਹੇ ਹਨ। 

ਇੰਨੀ ਦਿਨੀਂ, ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਨੇ ਪਿਛਲੇ ਦਿਨੀਂ ਇੱਕ ਵੀਡੀਓ ਕਲਿਪ ਜਾਰੀ ਕਰਕੇ, ਇਸੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਖ਼ਾਲਿਸਤਾਨ ਦਾ ਝੰਡਾ ਝੁਲਾਉਣ ਲਈ ਕਿਹਾ ਹੈ ਅਤੇ ਝੰਡਾ ਝੁਲਾਉਣ ਵਾਲੇ ਨੂੰ ਲੱਖਾਂ ਡਾਲਰ ਵੀ ਦੇਣ ਦਾ ਐਲਾਨ ਕੀਤਾ ਹੈ। ਪਰ, ਇੱਥੇ ਸਵਾਲ ਪੈਦਾ ਹੁੰਦਾ ਹੈ, ਕਿ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿੱਚ ਬੈਠੇ ਕੇ, ਗੁਰਪਤਵੰਤ ਸਿੰਘ ਪੰਨੂੰ ਵਰਗੇ ਜੋ ਵੀਡੀਓ ਜਾਰੀ ਕਰਕੇ, ਹੋਰਨਾਂ ਮੁੰਡਿਆਂ ਨੂੰ ਭੜਕਾ ਰਹੇ ਹਨ, ਉਹ ਆਪ ਭਾਰਤ ਦੇ ਅੰਦਰ ਆ ਕੇ ਇਹ ਬਹਾਦਰੀ ਵਾਲਾ ਕੰਮ ਕਿਉਂ ਨਹੀਂ ਕਰ ਲੈਂਦੇ?

ਕਿਉਂ ਇਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਮਰਵਾਉਣ ’ਤੇ ਤੁਲੇ ਹੋਏ ਹਨ? ਕਿਸਾਨੀ ਮੋਰਚੇ ਨੂੰ ਖਦੇੜਣ ਵਾਸਤੇ ਮੋਦੀ ਸਰਕਾਰ ਤਾਂ ਪੂਰਾ ਜ਼ੋਰ ਲਗਾ ਹੀ ਰਹੀ ਹੈ, ਨਾਲ ਹੀ ਪੰਨੂੰ ਵਰਗੇ ਕਈ ਖ਼ਾਲਿਸਤਾਨੀ ਮੋਰਚੇ ਨੂੰ ਮਧੋਲਣ ’ਤੇ ਲੱਗੇ ਹੋਏ ਹਨ। ਸਾਡਾ ਸਵਾਲ ਹੈ, ਕਿ ਇਹ ਭੜਕਾਓ ਗੱਲਾਂ ਕਰਨ ਵਾਲੇ ਵਿਦੇਸ਼ਾਂ ਵਿੱਚ ਮੌਜ਼ਾ ਮਾਨ ਰਹੇ ਹਨ, ਭਾਰਤ ਅੰਦਰ ਆ ਕੇ, ਆਪ ਕਿਉਂ ਨਹੀਂ ਲਾਲ ਕਿਲ੍ਹੇ ’ਤੇ ਝੰਡਾ ਝੁਲਾ ਦਿੰਦੇ?