ਹੁਣ ਕਿਸਾਨਾਂ ਦੇ ਟਰੈਕਟਰ ਕਰਨਗੇ ਸਰਕਾਰ ਨਾਲ ਗੱਲ ਅਤੇ ਕਰਨਗੇ ਮਸਲਾ ਹੱਲ!! (ਨਿਊਜ਼ਨੰਬਰ ਖਾਸ ਖਬਰ)

Last Updated: Jan 20 2021 15:17
Reading time: 1 min, 37 secs

26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਰਾਜਪਥ ’ਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪਰ ਲੰਘੇ ਕੱਲ੍ਹ ਦਿੱਲੀ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤੀ ਮੀਟਿੰਗ ਤੋਂ ਇਹ ਪਤਾ ਚੱਲਿਆ ਕਿ, ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਪੁਲਿਸ ਕਿਸਾਨਾਂ ਨੂੰ ਟਰੈਕਟਰ ਪਰੇਡ ਕਰਨ ਤੋਂ ਰੋਕ ਰਹੀ ਹੈ। ਕਿਸਾਨਾਂ ਨੇ ਜਿਹੜੇ ਰਸਤੇ ’ਤੇ ਟਰੈਕਟਰ ਪਰੇਡ ਕਰਨ ਦੀ ਆਗਿਆ ਮੰਗੀ, ਉਸ ਇਲਾਕੇ ਵਿੱਚ ਟਰੈਕਟਰ ਪਰੇਡ ਕਰਨ ਤੋਂ ਦਿੱਲੀ ਪੁਲਿਸ ਨੇ ਰੋਕ ਦਿੱਤਾ ਅਤੇ ਕਹਿ ਦਿੱਤਾ, ਕਿ ਟਰੈਕਟਰ ਪਰੇਡ ਨਹੀਂ ਕਰਨ ਦਿੱਤੀ ਜਾਵੇਗੀ। 

ਦੂਜੇ ਪਾਸੇ, ਕਿਸਾਨਾਂ ਨੇ ਵੀ ਦਿੱਲੀ ਪੁਲਿਸ ਨੂੰ ਕਹਿ ਦਿੱਤਾ ਕਿ, ਉਹ ਟਰੈਕਟਰ ਪਰੇਡ ਤਾਂ ਜ਼ਰੂਰ ਕਰਨਗੇ ਹੀ ਕਰਨਗੇ, ਭਾਵੇਂ ਕਿਵੇਂ ਵੀ ਕਰਨੀ ਪਵੇ। ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਸਿੱਧੇ ਅਤੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਕਿ, ਜੇਕਰ 26 ਜਨਵਰੀ ਤੋਂ ਪਹਿਲੋਂ ਪਹਿਲੋਂ ਕੇਂਦਰ ਵਿਚਲੀ ਮੋਦੀ ਸਰਕਾਰ ਕਿਸਾਨ ਅਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਹੈ ਤਾਂ, ਕਿਸਾਨ ਆਪਣਾ ਟਰੈਕਟਰ ਪਰੇਡ ਵਾਲਾ ਪਲਾਨ ਵਾਪਸ ਲੈ ਲੈਣਗੇ

ਪਰ ਜੇਕਰ ਕਿਸਾਨਾਂ ਦੀ ਇਹ ਮੰਗ ਕੇਂਦਰ ਨੇ ਨਾ ਮੰਨੀ ਤਾਂ, ਟਰੈਕਟਰ ਪਰੇਡ ਜ਼ਰੂਰ ਕੀਤੀ ਜਾਵੇਗੀ। ਅਹਿਮ ਗੱਲ ਬੀਤੇ ਦਿਨ ਇਹ ਵੇਖਣ ਨੂੰ ਮਿਲੀ, ਕਿ ਇੱਕ ਪਾਸੇ ਤਾਂ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਕਹਿ ਦਿੱਤਾ ਕਿ ਉਹ ਟਰੈਕਟਰ ਪਰੇਡ ਕਿਸਾਨਾਂ ਨੂੰ ਨਹੀਂ ਕਰਨ ਦੇਣਗੇ।

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ’ਤੇ ਸਪੱਸ਼ਟ ਕਰ ਦਿੱਤਾ ਕਿ, ਮੋਦੀ ਸਰਕਾਰ ਕੋਲੋਂ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਬਣਾਏ ਜਾਣ ਦੀ ਮੰਗ ਹੈ, ਇਸ ਤੋਂ ਘੱਟ ਉਨ੍ਹਾਂ ਨੂੰ ਕੁੱਝ ਨਹੀਂ ਚਾਹੀਦਾ।

ਉਨ੍ਹਾਂ ਦਾਅਵਾ ਕੀਤਾ, ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ, ਕਿਸਾਨ ਤਿਰੰਗੇ ਦੇ ਨਾਲ ਨਾਲ ਕਿਸਾਨੀ ਝੰਡੇ ਲੈ ਕੇ ਟਰੈਕਟਰ ਪਰੇਡ ਕਰਨ ਵਾਸਤੇ ਦਿੱਲੀ ਵੱਲ ਨੂੰ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਚਾਹੁੰਦੀ ਹੈ ਕਿ ਕਿਸਾਨ ਟਰੈਕਟਰ ਪਰੇਡ ਨਾ ਕਰਨ ਤਾਂ, ਸਰਕਾਰ ਕੋਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਦੇਵੇ। ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਰਿਕੇਸ਼ ਟਿਕੈਤ ਨੇ ਕਿਹਾ, ਕਿ ਗਣਤੰਤਰ ਦਿਵਸ ਮੌਕੇ, ਕਿਸਾਨਾਂ ਦੇ ਟਰੈਕਟਰ ਹੀ ਮੋਦੀ ਸਰਕਾਰ ਦੇ ਨਾਲ ਹੁਣ ਗੱਲ ਕਰਨਗੇ ਅਤੇ ਇਸ ਮਸਲੇ ਦਾ ਹੱਲ ਕਰਨਗੇ।