ਕਿਸਾਨਾਂ ਕੋਲੋਂ ਡਰੀ ਭਾਜਪਾ: ਪੰਜਾਬ ਦੇ ਕਈ ਹਿੱਸਿਆਂ ’ਚ ਚੋਣ ਲੜਣ ਤੋਂ ਕੀਤੀ ਤੌਬਾ! (ਨਿਊਜ਼ਨੰਬਰ ਖਾਸ ਖਬਰ)

Last Updated: Jan 20 2021 15:14
Reading time: 1 min, 57 secs

ਇੱਕ ਪਾਸੇ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਰੋਹ ਧਰਨਾ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਕਈ ਖੇਤਰਾਂ ਵਿੱਚ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਰਿਲਾਇੰਸ ਪੈਟਰੋਲ ਪੰਪਾਂ ਤੋਂ ਇਲਾਵਾ ਅੰਬਾਨੀ ਅੰਡਾਨੀ ਦੇ ਕਾਰੋਬਾਰਾਂ ਨੂੰ ਬੰਦ ਕਿਸਾਨਾਂ ਨੇ ਕਰਵਾਇਆ ਹੋਇਆ ਹੈ। ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਕਿਸਾਨ ਅੰਬਾਨੀ ਅਤੇ ਅੰਡਾਨੀ ਦਾ ਤਾਂ ਵਿਰੋਧ ਕਰ ਹੀ ਰਹੇ ਹਨ, ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਵੀ ਪੰਜਾਬ ਦੇ ਅੰਦਰ ਖੰਗਣ ਨਹੀਂ ਦੇ ਰਹੇ। 

ਭਾਜਪਾਈ ਜਿੱਥੇ ਕਿਤੇ ਵੀ ਮੀਟਿੰਗ ਕਰਨ ਲਈ ਨਿਕਲਦੇ ਹਨ ਤਾਂ, ਉਨ੍ਹਾਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਭਾਜਪਾ ਆਗੂ ਹਰਜੀਤ ਗਰੇਵਾਲ, ਭਾਜਪਾ ਆਗੂ ਤਿ੍ਰਸ਼ਨ ਸੂਦ ਤੋਂ ਇਲਾਵਾ ਹੋਰਨਾਂ ਭਾਜਪਾ ਆਗੂਆਂ ਦਾ ਦੱਬ ਕੇ ਪੰਜਾਬ ਦੇ ਅੰਦਰ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਦੀਆਂ ਕੋਠੀਆਂ ਮੂਹਰੇ ਧਰਨੇ ਠੋਕ ਕੇ ਕਿਸਾਨਾਂ, ਏਨਾ ਭਾਜਪਾਈਆਂ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦੇ ਰਹੇ। 

ਵੈਸੇ ਤਾਂ, ਅਜਿਹੀ ਪਹਿਲੀ ਵਾਰ ਹੋ ਰਿਹਾ ਹੈ, ਪਰ ਇਸ ਕਿਸਾਨ ਮੋਰਚੇ ਦਾ ਅਗਾਮੀ ਹੋਣ ਵਾਲੀਆਂ 8 ਨਗਰ ਨਿਗਮਾਂ ਲਈ ਅਤੇ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ’ਤੇ ਵੀ ਅਸਰ ਪੈ ਰਿਹਾ ਹੈ, ਕਿਉਂਕਿ ਭਾਜਪਾ ਨੇ ਹੁਣ ਉਨ੍ਹਾਂ ਇਲਾਕਿਆਂ ਦੇ ਵਿੱਚ ਚੋਣ ਲੜਣ ਤੋਂ ਤੌਬਾ ਕਰ ਦਿੱਤੀ ਹੈ, ਜਿੱਥੇ ਸਭ ਤੋਂ ਵੱਧ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਸਿਆਸੀ ਮਾਹਿਰ ਕਹਿੰਦੇ ਹਨ, ਕਿ ਭਾਜਪਾ ਦਾ ਵੈਸੇ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਵਿਰੋਧ ਹੋ ਰਿਹਾ ਹੈ, ਪਰ ਕੁੱਝ ਕੁ ਜਗ੍ਹਾਵਾਂ ਅਜਿਹੀਆਂ ਜ਼ਰੂਰ ਹਨ।

ਜਿੱਥੇ ਭਾਜਪਾ ਦਾ ਕਾਫ਼ੀ ਦਬਦਾਅ ਹੈ। ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਭਾਜਪਾ ਦਾ ਮਾੜਾ ਹਾਲ ਹੀ ਹੈ, ਇਸੇ ਲਈ ਹੀ ਭਾਜਪਾ ਪੂਰੇ ਪੰਜਾਬ ਵਿੱਚ 8 ਨਗਰ ਨਿਗਮਾਂ ਲਈ ਤੇ 109 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿੱਚ ਚੋਣ ਲੜਣ ਤੋਂ ਡਰ ਰਹੀ ਹੈ। ਖ਼ੈਰ, ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਪਰ ਜਿਹੜੇ ਚੋਣ ਖੇਤਰਾਂ ਵਿੱਚ ਪੇਂਡੂ ਹਿੱਸਾ ਵੱਧ ਹੈ, ਉਥੇ ਭਾਜਪਾ ਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਕਮਲ ’ਤੇ ਚੋਣ ਲੜਣ ਤੋਂ ਕਤਰਾ ਰਹੇ ਹਨ। 

ਹਾਲਾਂਕਿ ਪਾਰਟੀ ਇਹ ਹੀ ਦਬਾਅ ਬਣਾ ਰਹੀ ਹੈ ਕਿ ਚੋਣਾਂ ਪਾਰਟੀ ਦੇ ਨਿਸ਼ਾਨ ’ਤੇ ਹੀ ਲੜੀਆਂ ਜਾਣ। ਪੰਜਾਬ ਵਿੱਚ ਚੋਣ ਲੜਣ ਉੱਤਰ ਰਹੀ ਭਾਰਤੀ ਜਨਤਾ ਪਾਰਟੀ ’ਤੇ ਕਿਸਾਨ ਅੰਦੋਲਨ ਦਾ ਦਬਾਅ ਦਿਖ ਰਿਹਾ ਹੈ। ਭਾਵੇਂ ਹੀ ਭਾਜਪਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ ਆਪਣੀ ਪਕੜ ਮਜ਼ਬੂਤ ਹੋਣ ਦਾ ਦਾਅਵਾ ਕਰਦੀ ਹੈ, ਪਰ ਕਈ ਸੀਟਾਂ ’ਤੇ ਉਨ੍ਹਾਂ ਕੋਲ ਚੋਣ ਲੜਣ ਲਈ ਚਿਹਰੇ ਨਹੀਂ ਹਨ। ਕਿਉਂਕਿ ਬਹੁਤ ਸਾਰੇ ਭਾਜਪਾਈ, ਇਸ ਵਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋ ਚੁੱਕੇ ਹਨ।