ਕਿਸਾਨਾਂ ਦੇ ਹੱਕ ’ਚ ਸ਼ਾਂਤਮਈ ਆਵਾਜ਼ ਬੁਲੰਦ ਕਰਨਾ ਵੀ ਗੁਨਾਹ ਹੋ ਗਿਆ? (ਨਿਊਜ਼ਨੰਬਰ ਖਾਸ ਖਬਰ)

Last Updated: Jan 20 2021 15:12
Reading time: 1 min, 52 secs

ਕਿਸਾਨ ਇਸ ਵਕਤ, ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ। ਪਰ ਦੂਜੇ ਪਾਸੇ ਦੇਸ਼ ਵਿਚਲੀ ਮੋਦੀ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਨੂੰ ਖਦੇੜਣ ਦੇ ਲਈ ਪੂਰੀ ਵਾਹ ਲਗਾ ਰਹੀ ਹੈ। ਕਿਸਾਨਾਂ ਦਾ ਸ਼ਾਂਤਮਈ ਪ੍ਰਦਰਸ਼ਨ ਜਿੱਥੇ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਜਾਰੀ ਹੈ। 

ਉੱਥੇ ਹੀ ਕਿਸਾਨਾਂ ਦਾ ਪ੍ਰਦਰਸ਼ਨ ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਂਰਾਸ਼ਟਰ, ਕੇਰਲਾ ਅਤੇ ਹੋਰਨਾਂ ਕਈ ਸੂਬਿਆਂ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ। ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਸਰਕਾਰ ਖਦੇੜਣ ਵਿੱਚ ਤਾਂ ਲੱਗੀ ਹੀ ਹੋਈ ਹੈ, ਨਾਲ ਹੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਪੁਲਿਸ ਸਰਕਾਰ ਦੇ ਇਸ਼ਾਰੇ ’ਤੇ ਗਿ੍ਰਫਤਾਰ ਵੀ ਕਰ ਰਹੀ ਹੈ। ਤਾਜ਼ਾ ਮਾਮਲਾ ਗੁਆਢੀ ਰਾਜ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। 

ਜਿੱਥੇ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਕੁੱਝ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ। ਕਿਸਾਨਾਂ ਦੇ ਹੱਕ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਗਿ੍ਰਫਤਾਰ ਕਰਿਆ, ਉਸ ਤੋਂ ਸਾਫ਼ ਹੋ ਜਾਂਦਾ ਹੈ, ਕਿ ਹਿਮਾਚਲ ਵਿਚਲੀ ਜੈ ਰਾਮ ਠਾਕੁਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਨਹੀਂ ਚਾਹੁੰਦੀ ਕਿ, ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਮਿਲਣ। 

ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜੈ ਰਾਮ ਠਾਕੁਰ ਨੂੰ, ਜਿੱਥੇ ਕਿਸਾਨ ਲਾਹਨਤਾਂ ਪਾ ਰਹੇ ਹਨ, ਉੱਥੇ ਪੰਜਾਬ ਦੇ ਖੇਤੀ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਹਿਮਾਚਲ ਦੀ ਭਾਜਪਾ ਸਰਕਾਰ ਨੂੰ ਘੇਰਦਿਆਂ ਹੋਇਆ, ਸ਼ਿਮਲਾ ਪੁਲਿਸ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸ਼ਾਂਤਮਈ ਤਰੀਕੇ ਨਾਲ ਆਵਾਜ ਬੁਲੰਦ ਕਰ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਗਿ੍ਰਫਤਾਰ ਕਰਨ ਦੀ ਕਾਰਵਾਈ ਨੂੰ ਸੰਵਿਧਾਨਕ ਤੇ ਜਮਹੂਰੀ ਹੱਕਾਂ ’ਤੇ ਹਮਲਾ ਦੱਸਿਆ।  

ਰਾਣਾ ਸੋਢੀ ਨੇ ਇਹ ਵੀ ਕਿਹਾ, ਕਿ ਪੰਜਾਬ ਦੇ ਨੌਜਵਾਨਾਂ ਦੀ ਇਹ ਗਿ੍ਰਫਤਾਰੀ ਸਿੱਧੇ ਤੌਰ ’ਤੇ ਹਿਚਾਚਲ ਵਿਚਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਇਸ਼ਾਰੇ ’ਤੇ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਦਿੱਲੀ ਵਿੱਚ ਕਿਸਾਨੀ ਧਰਨਿਆਂ ਸਬੰਧੀ ਸੁਣਵਾਈ ਦੌਰਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਨੂੰ ਲੋਕਾਂ ਦਾ ਜਮਹੂਰੀ ਹੱਕ ਕਰਾਰ ਦਿੱਤਾ ਸੀ। 

ਪਰ ਇਸ ਦੇ ਬਾਵਜੂਦ ਘਬਰਾਈ ਹੋਈ ਹਿਮਾਚਲ ਪ੍ਰਦੇਸ਼ ਸਰਕਾਰ ਗੈਰ-ਸੰਵਿਧਾਨਕ ਤਰੀਕੇ ਅਪਣਾ ਕੇ ਮੋਦੀ ਸਰਕਾਰ ਨੂੰ ਖੁਸ਼ ਕਰ ਰਹੀ ਹੈ। ਰਾਣਾ ਸੋਢੀ ਨੇ ਕਿਹਾ ਕਿ, ਤਾਨਾਸ਼ਾਹੀ ਭਾਜਪਾ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੇ ਅਤੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੇਵੇ।