ਕੈਪਟਨ ਸਰਕਾਰ ਦਾ ਸੱਥਾਂ ਵਿੱਚ ਆਉਣ ਤੋਂ ਪਹਿਲਾਂ ਵਾਲਾ ਵਾਅਦਾ ਕਿਥੇ ਗਿਆ? (ਨਿਊਜ਼ਨੰਬਰ ਖਾਸ ਖ਼ਬਰ)

Last Updated: Jan 13 2021 14:08
Reading time: 2 mins, 11 secs

ਹਰ ਪਾਰਟੀ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਉਹਦੇ ਵੱਲੋਂ ਵੰਨ ਸੁਵੰਨੇ ਵਾਅਦੇ ਜਨਤਾ ਨਾਲ ਕੀਤੇ ਜਾਂਦੇ ਹਨ ਤਾਂ ਜੋ ਜਨਤਾ ਨੂੰ ਆਪਣੇ ਵੱਲ ਖਿੱਚ ਕੇ ਸੱਤਾ ਹਾਸਲ ਕੀਤੀ ਜਾਵੇ। ਅਜਿਹੀਆਂ ਹੀ ਸਰਕਾਰਾਂ ਸਾਡੇ 'ਤੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰ ਰਹੀਆਂ ਹਨ। ਬੇਸ਼ੱਕ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਭਾਜਪਾ ਹੋਵੇ ਜਾਂ ਫਿਰ ਕੋਈ ਹੋਰ ਧਿਰ, ਹਰ ਸਿਆਸੀ ਧਿਰ ਦੇ ਵਲੋਂ ਹੀ ਲੋਕਾਂ ਨਾਲ ਵਾਅਦੇ ਤਾਂ ਕੀਤੇ ਜਾਂਦੇ ਹਨ, ਪਰ ਉਨ੍ਹਾਂ ਵਾਅਦਿਆਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾਂਦਾ। ਪੰਜਾਬ ਵਿਚਲੀ ਕੈਪਟਨ ਹਕੂਮਤ ਨੂੰ ਕਰੀਬ ਚਾਰ ਸਾਲ ਹੋ ਚੁੱਕੇ ਹਨ, ਪੰਜਾਬ ਦੀ ਸੱਤਾ ਵਿੱਚ ਆਇਆ ਹੋਇਆ ਨੂੰ, ਪਰ ਹੁਣ ਤੱਕ ਇਹ ਸਰਕਾਰ ਜਿਥੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਉੱਥੇ ਹੀ ਇਸ ਸਰਕਾਰ ਨੂੰ ਲਗਾਤਾਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਧ ਰੋਹ ਇਸ ਵੇਲੇ ਬੇਰੁਜ਼ਗਾਰਾਂ ਅਤੇ ਠੇਕਾ ਕਾਮਿਆਂ ਦੇ ਵਿਚ ਇਸ ਸਰਕਾਰ ਦੇ ਖ਼ਿਲਾਫ਼ ਹੈ, ਕਿਉਂਕਿ ਸਰਕਾਰ ਦੇ ਵੱਲੋਂ ਨੌਕਰੀਆਂ ਦੇਣ ਦਾ ਵਾਅਦਾ ਬੇਰੁਜ਼ਗਾਰੀ ਨਾਲ ਕੀਤਾ ਗਿਆ ਸੀ ਅਤੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਇਨ੍ਹਾਂ ਦੋਨੋਂ ਵਾਅਦਿਆਂ ਤੋਂ ਹੀ ਭੱਜ ਚੁੱਕੀ ਹੈ। ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਦੇ ਰਹੀ, ਉਥੇ ਠੇਕਾ ਕਾਮਿਆਂ ਨੂੰ ਵਿਭਾਗਾਂ ਵਿਚ ਪੱਕਿਆਂ ਨਹੀਂ ਕਰ ਰਹੀ। ਜਿਸ ਦੇ ਕਾਰਨ ਬੇਰੁਜ਼ਗਾਰਾਂ ਅਤੇ ਠੇਕਾ ਕਾਮਿਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਹੋਇਆਂ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਸ਼ਿਵ ਸ਼ੰਕਰ ਅਤੇ ਛਿੰਦਰ ਸਿੰਘ ਤੋਂ ਇਲਾਵਾ ਨਰਿੰਦਰ ਬਾਠ ਨੇ ਦੱਸਿਆ ਕਿ ਸੀ ਐੱਚ ਬੀ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਲੈ ਕੇ ਰੈਗੂਲਰ ਕਰਨ ਤੋਂ ਇਲਾਵਾ ਕੱਢੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ਅਤੇ ਛਾਂਟੀ ਦੀ ਨੀਤੀ ਪੱਕੇ ਤੌਰ ਤੇ ਰੱਦ ਕਰਨ ਦੀ ਮੰਗ, ਉਨ੍ਹਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾਰੀ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤੋਂ ਤੰਗ ਆ ਕੇ ਪਾਵਰਕਾਮ ਮੈਨੇਜਮੈਂਟ ਕਿਰਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਠੇਕਾ ਕਾਮਿਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ। ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਲਗਾਤਾਰ ਭੱਜਦੀ ਆ ਰਹੀ ਹੈ। ਜਿਸ ਦੇ ਖਿਲਾਫ ਠੇਕਾ ਕਾਮਿਆਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਪਾਵਰਕੌਮ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ। ਪਾਵਰਕਾਮ ਦੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਾਵਰਕਾਮ ਮੈਨੇਜਮੈਂਟ ਦੇ ਵੱਲੋਂ ਬਣਾਈਆਂ ਸਬ ਕਮੇਟੀਆਂ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।