ਦਿੱਲੀ ਦਾ ਕੁੰਡਾ ਕਿਸਾਨਾਂ ਨੇ ਖੜਕਾਇਆ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 28 2020 15:26
Reading time: 1 min, 51 secs

ਇਤਿਹਾਸ ਵਿੱਚ ਪਹਿਲੀ ਵਾਰ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਕਿਸਾਨਾਂ 'ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਤੇ ਉਨ੍ਹਾਂ ਦੀ ਫੜੋ-ਫੜੀ ਲੋਕਤੰਤਰ ਦਾ ਘਾਣ ਹੈ। ਪ੍ਰੈੱਸ ਦੀ ਆਜ਼ਾਦੀ ਤੇ ਲੋਕ ਹੱਕਾਂ ਦੀ ਗੱਲ ਕਰਨ ਵਾਲੀ ਭਾਜਪਾ ਸਰਕਾਰ ਦੌਰਾਨ ਪ੍ਰੈੱਸ ਦੀ ਆਜ਼ਾਦੀ ਤੇ ਲੋਕ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਤੁਗਲਕੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਕਿਸਾਨਾਂ ਨੇ ਜਦੋਂ ਦਿੱਲੀ ਵੱਲ ਨੂੰ ਚਾਲੇ ਪਾਏ ਤਾਂ, ਰਸਤੇ ਵਿੱਚ ਕਿਸਾਨਾਂ ਨੂੰ ਹਰਿਆਣੇ ਦੀ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕੀ ਰੱਖਿਆ।

ਪੁਲਿਸ ਵੱਲੋਂ ਕਿਸਾਨਾਂ 'ਤੇ ਅੱਤਿਆਚਾਰ ਕੀਤਾ ਗਿਆ, ਅੱਥਰੂ ਗ਼ੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਕਿਸਾਨਾਂ 'ਤੇ ਮਾਰੀਆਂ ਗਈਆਂ, ਪਰ ਕਿਸਾਨਾਂ ਨੇ ਹਾਰ ਨਾ ਮੰਨਦਿਆਂ ਹੋਇਆ ਅੱਗੇ ਵਧੇ ਅਤੇ ਅੱਜ ਦਿੱਲੀ ਦਾ ਕੁੰਡਾ ਖੜਕਾ ਰਹੇ ਹਨ। ਵੈਸੇ, ਕੇਂਦਰ ਦੀ ਮੋਦੀ ਸਰਕਾਰ ਤੋਂ ਸਮੂਹ ਕਿਸਾਨ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ 3 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਕੇ ਖੇਤੀ ਕਰਵਾਉਣ ਨੂੰ ਰੱਦ ਕਰੇ।

ਦੱਸ ਦਈਏ ਕਿ 25, 26 ਅਤੇ 27 ਨਵੰਬਰ ਨੂੰ ਜਦੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਜਥੇ ਪਹੁੰਚੇ ਸੀ ਤਾਂ, ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਕਾਫ਼ੀ ਜ਼ੁਲਮ ਢਾਹਿਆ ਸੀ। ਪੁਲਿਸ ਨੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਸਨ। ਬਾਅਦ ਵਿਚ ਕਿਸਾਨਾਂ ਨੇ ਬੈਰੀਕੇਡ ਤੇ ਹੋਰ ਰੋਕਾਂ ਹਟਾ ਦਿੱਤੀਆਂ ਤੇ ਹਰਿਆਣਾ ਦੀ ਹੱਦ ਵਿੱਚ ਪ੍ਰਵੇਸ਼ ਕਰ ਗਏ। ਓਧਰ ਡੱਬਵਾਲੀ ਨੇੜੇ ਪੰਜਾਬ-ਹਰਿਆਣਾ ਬਾਰਡਰ 'ਤੇ ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਹਨ।

ਕਿਸਾਨਾਂ ਦਾ ਇਸ ਦੌਰਾਨ ਪੁਲਿਸ ਦੇ ਨਾਲ ਟਕਰਾਅ ਵੀ ਹੋਇਆ। ਬਠਿੰਡਾ ਵਿਚ ਡੂਮਵਾਲੀ ਬਾਰਡਰ 'ਤੇ ਵੀ ਕਿਸਾਨਾਂ ਨੇ ਬੈਰੀਕੇਡ ਤੇ ਪੁਲਿਸ ਦਾ ਨਾਕਾ ਤੋੜ ਦਿੱਤਾ। ਪੂਰੇ ਪੰਜਾਬ ਤੋਂ ਕਿਸਾਨ ਦਿੱਲੀ ਕੂਚ ਕਰ ਰਹੇ ਹਨ। ਸ਼ੰਭੂ ਬਾਰਡਰ 'ਤੇ ਹਾਲਾਤ ਮੁੜ ਤਣਾਅਪੂਰਨ ਹੋ ਗਏ । ਹਰਿਆਣਾ ਪੁਲਿਸ ਨੇ ਬੈਰੀਕੇਡ ਸੁੱਟਣ ਆਏ ਅੰਦੋਲਨਕਾਰੀ ਕਿਸਾਨਾਂ 'ਤੇ ਪਾਣੀ ਦੀਆਂ ਬੁਛਾਰਾਂ ਸ਼ੁਰੂ ਕਰ ਦਿੱਤੀਆਂ ਤੇ ਹੰਝੂ ਗੈਸ ਦੇ ਗੋਲ਼ੇ ਛੱਡੇ।

ਕਿਸਾਨ ਆਗੂ ਮੁਜ਼ਾਹਰਾਕਾਰੀਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਗਿੱਲਾ ਕੱਪੜਾ ਮੂੰਹ 'ਤੇ ਬੰਨ੍ਹਣ ਤਾਂ ਜੋ ਅੱਥਰੂ ਗੈਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਖ਼ੈਰ, ਦੋ ਦਿਨ ਪੁਲਿਸ ਦਾ ਤਸ਼ੱਦਦ ਝੱਲਣ ਤੋਂ ਮਗਰੋਂ ਅੱਜ ਪੰਜਾਬ ਸਮੇਤ ਦੇਸ਼ ਦੇ ਕਿਸਾਨ ਦਿੱਲੀ ਦੇ ਬਿਲਕੁਲ ਮੂਹਰੇ ਪਹੁੰਚ ਚੁੱਕੇ ਹਨ ਅਤੇ ਕਿਸਾਨਾਂ ਦਾ ਅੰਦੋਲਨ ਵੀ ਸ਼ੁਰੂ ਹੋਣ ਵਾਲਾ ਹੈ। ਕਈ ਕਿਸਾਨ ਹਾਲੇ ਵੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।