ਠੰਡੇ ਦੁੱਧ ਨੂੰ ਫ਼ੂਕਾਂ ਮਾਰਨ ਜੋਗੇ ਨੇ ਸਾਡੇ ਲੀਡਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 27 2020 13:47
Reading time: 2 mins, 40 secs

ਹਰ ਲੀਡਰ ਸਮੇਂ ਸਮੇਂ 'ਤੇ ਅੱਗ ਲਾਓ ਬਿਆਨ ਤਾਂ ਦੇ ਦਿੰਦਾ ਹੈ, ਪਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਨਹੀਂ ਵੇਹਦਾ ਕਿ, ਥੱਲੇ ਕੀ ਹੋ ਰਿਹਾ ਹੈ? ਹਰ ਲੀਡਰ ਸੁਰਖ਼ੀਆਂ ਦਾ ਭੁੱਖਾ ਹੁੰਦਾ ਹੈ। ਸੁਰਖ਼ੀ ਮਿਲਦੀ ਰਹੇ ਤਾਂ, ਸਭ ਲੀਡਰ ਖ਼ੁਸ਼, ਜੇ ਨਾ ਮਿਲੇ ਤਾਂ, ਸਭ ਮਿੱਟੀ। ਆਮ ਲੋਕ ਜਾਂ ਫਿਰ ਕਿਸਾਨ ਮਜ਼ਦੂਰ ਜਦੋਂ ਤਾਂ ਸੰਘਰਸ਼ ਦੀ ਪੈੜ ਵਿੱਚ ਨਿਕਲਦੇ ਹਨ ਤਾਂ, ਸਭ ਲੀਡਰ ਆਖਣ ਲੱਗ ਪੈਂਦੇ ਹਨ ਕਿ ਅਸੀਂ ਇਨ੍ਹਾਂ ਸੰਘਰਸ਼ੀਆਂ ਦੇ ਨਾਲ ਹਾਂ, ਪਰ ਜਦੋਂ ਸੰਘਰਸ਼ ਕਰਨ ਦੀ ਵਾਰੀ ਆਉਂਦੀ ਹੈ ਤਾਂ, ਸਭ ਲੀਡਰ ਲੁੱਕ ਛਿੱਪ ਜਾਂਦੇ ਹਨ।

ਵੋਟਾਂ ਵੇਲੇ ਵੀ ਅਜਿਹਾ ਕੁੱਝ ਹੀ ਹੁੰਦਾ ਹੈ। ਲੀਡਰ ਜਨਤਾ ਦੇ ਨਾਲ ਵਾਅਦੇ ਤਾਂ ਅਨੇਕਾਂ ਕਰਕੇ ਜਾਂਦੇ ਹਨ, ਪਰ ਸੱਤਾ ਹਾਸਲ ਕਰਨ ਤੋਂ ਬਾਅਦ ਉਕਤ ਵਾਅਦਿਆਂ 'ਤੇ ਮਿੱਟੀ ਪਾ ਦਿੰਦੇ ਹਨ। ਇਸ ਵਕਤ ਕਿਸਾਨੀ ਸੰਘਰਸ਼ ਜ਼ੋਰਾਂ 'ਤੇ ਹੈ। ਚਾਰੇ ਪਾਸਿਓਂ, ਮੋਦੀ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਹਨ। ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਦਲ ਇਸ ਵਕਤ ਮੋਦੀ ਨੂੰ ਤਾਂ ਕੋਸ ਹੀ ਰਹੇ ਹਨ, ਨਾਲ ਦੀ ਨਾਲ ਇੱਕ ਦੂਜੇ 'ਤੇ ਵੀ ਦੋਸ਼ ਲਗਾ ਰਹੇ ਹਨ। ਦਰਅਸਲ, ਮੋਦੀ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਵਿੱਚ ਸੁਧਾਰ ਕੀਤਾ ਗਿਆ ਹੈ।

ਨਵੇਂ ਕਾਨੂੰਨ ਜੋ ਲਿਆਂਦੇ ਹਨ, ਉਹ ਸਿੱਧੇ ਤੌਰ 'ਤੇ ਕਿਸਾਨ ਵਿਰੋਧੀ ਹਨ। ਚਲੋ ਮੋਦੀ ਨੂੰ ਤਾਂ ਕੋਸਣਾ ਸਭ ਵਿਰੋਧੀ ਪਾਰਟੀਆਂ ਦਾ ਹੱਕ ਹੈ, ਪਰ ਇਹ ਵਿਰੋਧੀ ਪਾਰਟੀਆਂ ਆਪਸ ਵਿੱਚ ਹੀ ਭੜਕਾਓ ਬਿਆਨਬਾਜ਼ੀ ਕੀਤੀ ਜਾਂਦੀਆਂ ਹਨ। ਕਿਸਾਨ ਦਾ ਵੱਡਾ ਅੰਦੋਲਨ 26 ਤੇ 27 ਨਵੰਬਰ ਨੂੰ ਦਿੱਤੀ ਦਾ ਸੀ, ਜਿਸ ਵਿੱਚ ਹਿੱਸਾ ਲੈਣ ਲਈ ਭਾਜਪਾ ਨੂੰ ਛੱਡ ਕੇ ਸਮੂਹ ਪਾਰਟੀਆਂ ਨੇ ਐਲਾਨ ਕੀਤਾ ਸੀ ਕਿ ਉਹ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣਗੀਆਂ। ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੀ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਵੱਖ ਵੱਖ ਜਗ੍ਹਾਵਾਂ 'ਤੇ ਰੈਲੀਆਂ ਕਰ ਚੁੱਕੀ ਹੈ।

ਪਰ, ਹੁਣ ਜਦੋਂ ਕਿਸਾਨੀ ਸੰਘਰਸ਼ ਸਿਖ਼ਰਾਂ 'ਤੇ ਹੈ, ਨਾ ਤਾਂ, ਹੁਣ ਕੋਈ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਸੰਘਰਸ਼ ਵਿੱਚ ਸ਼ਾਮਲ ਹੋਇਆ ਹੈ, ਨਾ ਹੀ ਅਕਾਲੀ ਜਾਂ ਫਿਰ ਕਾਂਗਰਸ ਦਾ ਕੋਈ ਵੱਡਾ ਲੀਡਰ ਸ਼ਾਮਲ ਹੋਇਆ ਹੈ। ਪਟਿਆਲੇ ਬੈਠਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਵਾ ਵਿੱਚ ਤੀਰ ਮਾਰਦਿਆਂ ਖੱਟੜ ਸਰਕਾਰ ਤੇ ਮੋਦੀ ਸਰਕਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਕੋਸੀ ਜਾਂਦਾ ਹੈ, ਜਦੋਂਕਿ ਮੈਦਾਨ ਵਿੱਚ ਉਤਰਨ ਦੀ ਕੈਪਟਨ ਨੇ ਭੋਰਾ ਵੀ ਜੁਰਤ ਨਹੀਂ ਕੀਤੀ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਦਫ਼ਤਰੋਂ ਇਹ ਬਿਆਨ ਜਾਰੀ ਕਰੀ ਜਾਂਦੇ ਹਨ ਕਿ ਮੋਦੀ ਸਰਕਾਰ ਟਕਰਾਅ ਵਾਲੀ ਸਥਿਤੀ ਨਾ ਬਣਾਵੇ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਬੇਨਤੀ ਕੀਤੀ ਹੈ ਕਿ ਦੇਸ਼ ਦੇ ਅੰਨਦਾਤਾ ਨਾਲ ਧੱਕਾ ਨਾ ਕੀਤਾ ਜਾਵੇ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਕਹਿ ਰਹੇ ਹਨ ਕਿ ਮੋਦੀ ਤੇ ਕੈਪਟਨ ਵਰਗੇ ਮਾੜੇ ਸ਼ਾਸਨ ਕਾਰਨ ਹੀ ਅੱਜ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ।

ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਬੇਹੱਦ ਕਮਜ਼ੋਰ ਸ਼ਾਸਕ ਹਨ ਅਤੇ ਜੇਕਰ ਉਹ ਲੋਕਾਂ ਦੀ ਆਵਾਜ਼ ਸਹੀ ਢੰਗ ਨਾਲ ਚੁੱਕਦੇ ਤਾਂ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ। ਪਰ ਅਸਲ ਦੇ ਵਿੱਚ ਇਹ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਾਲੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਵੀ ਨਹੀਂ ਹੋਏ। ਹੁਣ ਜਦੋਂ ਕਿਸਾਨ ਸੰਘਰਸ਼ ਜਿੱਤਦੇ ਹਨ ਤਾਂ, ਇਹ ਸਿਆਸੀ ਪਾਰਟੀਆਂ ਆਖਣ ਲੱਗ ਪੈਣਗੀਆਂ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਇਹ ਸੰਘਰਸ਼ ਜਿੱਤਿਆ ਗਿਆ। ਪਰ ਇਹ ਸਮੂਹ ਲੀਡਰ ਠੰਡੇ ਦੁੱਧ ਨੂੰ ਫ਼ੂਕਾਂ ਮਾਰਨ ਵਾਲੇ ਹੀ ਹਨ।