ਭਾਰਤੀ ਫ਼ੌਜ ਨਾਲ ਸਮੇਂ ਦੇ ਹਾਕਮ ਕਰਦੇ ਰਹੇ ਧੋਖ਼ਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 24 2020 15:30
Reading time: 2 mins, 10 secs

ਭਾਰਤੀ ਫ਼ੌਜ ਹੁਣ ਤੱਕ ਚੀਨ ਅਤੇ ਕੋਰੀਆ ਦੇ ਕੱਪੜੇ ਦੀ ਹੀ ਵਰਦੀ ਪਾਉਂਦੀ ਰਹੀ। ਸ਼ਾਇਦ ਇਹ ਗੱਲ ਕਿਸੇ ਦੇ ਜਹਿਣ ਵਿੱਚ ਨਹੀਂ ਸੀ ਹੋਣੀ, ਜੇਕਰ ਚੀਨ ਅਤੇ ਭਾਰਤ ਵਿਚਾਲੇ ਤਨਾਅ ਪੂਰਵਕ ਮਾਹੌਲ ਨਾ ਬਣਦਾ। ਚੀਨ ਕੋਲੋਂ ਕੱਪੜਾ ਖ਼ਰੀਦ ਕੇ ਚੀਨ ਨੂੰ ਹੀ ਅੱਖ਼ਾਂ ਵਿਖਾਉਣ ਵਾਲੇ ਭਾਰਤੀ ਹਾਕਮਾਂ ਨੂੰ ਕੁੱਝ ਤਾਂ ਵੈਸੇ ਸ਼ਰਮ ਕਰਨੀ ਚਾਹੀਦੀ ਸੀ ਕਿ, ਅਸੀਂ ਆਪਣੇ ਫ਼ੌਜੀਆਂ ਨੂੰ ਚੀਨ ਤੋਂ ਕੱਪੜਾ ਲਿਆ ਕੇ, ਵਰਦੀਆਂ ਸਿਲਾ ਕੇ, ਚੀਨ ਦੇ ਵਿਰੁੱਧ ਹੀ ਸਰਹੱਦਾਂ 'ਤੇ ਜੰਗ ਲੜਣ ਲਈ ਆਖ ਰਹੇ ਹਾਂ।

ਦਰਅਸਲ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤੀ ਫ਼ੌਜ ਚੀਨ ਅਤੇ ਕੋਰੀਆ ਤੋਂ ਆਉਂਦੇ ਕੱਪੜੇ ਦੀ ਹੀ ਵਰਦੀ ਪਾਉਂਦੀ ਰਹੀ ਹੈ। ਇਹ ਖੁਲਾਸਾ ਉਸ ਵੇਲੇ ਹੋਇਆ, ਜਦੋਂ ਮੋਦੀ ਨੇ ਆਤਮ ਨਿਰਭਰ ਭਾਰਤ ਬਣਾਉਣ ਦਾ ਸੁਨੇਹਾ ਭਾਰਤ ਵਾਸੀਆਂ ਨੂੰ ਇੱਕ ਪਾਸੇ ਤਾਂ ਦਿੱਤਾ, ਜਦੋਂਕਿ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਫ਼ੌਜ ਦੇ ਵਾਸਤੇ ਚੀਨ ਤੋਂ ਕੱਪੜਾ ਮਗਵਾ ਕੇ ਫ਼ੌਜੀ ਵਰਦੀ ਸਿਵਾਉਂਦੇ ਸਨ, ਉਸ ਕੱਪੜੇ 'ਤੇ ਰੋਕ ਲਗਾ ਦਿੱਤੀ ਜਾਵੇ ਅਤੇ ਭਾਰਤ ਵਿੱਚ ਹੀ ਫ਼ੌਜੀਆਂ ਲਈ ਵਰਦੀ ਬਣਾਈ ਜਾਵੇ।

ਖ਼ਬਰਾਂ ਦੀ ਮੰਨੀਏ ਤਾਂ, 1947 ਤੋਂ ਬਾਅਦ ਹੁਣ ਭਾਰਤੀ ਫ਼ੌਜ ਨੂੰ ਚੀਨੀ ਕੱਪੜੇ ਦੀ ਵਰਦੀ ਨਹੀਂ ਪਾਉਣੀ ਪੈਣੀ ਅਤੇ ਭਾਰਤੀ ਫ਼ੌਜ ਹੁਣ ਪਹਿਲੀ ਵਾਰ ਦੇਸੀ ਵਰਦੀ ਦੇ ਵਿੱਚ ਸਾਨੂੰ ਸਰਹੱਦਾਂ 'ਤੇ ਵਿਖਾਈ ਦੇਵੇਗੀ। ਜਾਣਕਾਰੀ ਦੇ ਮੁਤਾਬਿਕ ਪੀ. ਐੱਮ ਮੋਦੀ ਦੇ 'ਆਤਮ ਨਿਰਭਰ ਭਾਰਤ' ਸੂਤਰ ਨੂੰ ਭਾਰਤੀ ਫ਼ੌਜ ਨੇ ਵੀ ਅਪਣਾਇਆ ਹੈ। ਦੇਸ਼ ਦੇ ਪੁਲਿਸ ਬਲਾਂ ਤੇ ਫ਼ੌਜ ਲਈ ਵਿਸ਼ੇਸ਼ ਕੱਪੜਾ ਹੁਣ ਤੱਕ ਚੀਨ, ਤਾਇਵਾਨ ਤੇ ਕੋਰੀਆ ਤੋਂ ਮੰਗਵਾਇਆ ਜਾਂਦਾ ਸੀ। ਪਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੁਣ ਇਹ ਕੱਪੜਾ ਸੂਰਤ 'ਚ ਤਿਆਰ ਹੋਇਆ ਕਰੇਗਾ।

ਖ਼ਬਰਾਂ ਦੀ ਮੰਨੀਏ ਤਾਂ, ਸੂਰਤ ਦੀ ਟੈਕਸਟਾਈਲ ਮਿੱਲ ਨੂੰ ਫ਼ੌਜ ਲਈ 10 ਲੱਖ ਮੀਟਰ ਡਿਫ਼ੈਂਸ ਫ਼ੈਬ੍ਰਿਕ ਤਿਆਰ ਕਰਨ ਦਾ ਪਹਿਲਾ ਆਰਡਰ ਮਿਲਿਆ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਹ ਕੱਪੜਾ ਤਿਆਰ ਹੋ ਰਿਹਾ ਹੈ। ਵੈਸੇ, ਭਾਰਤ ਦੇਸ਼ ਵਿੱਚ ਪੁਲਿਸ ਬਲਾਂ, ਫ਼ੌਜ ਦੇ 50 ਲੱਖ ਤੋਂ ਵੱਧ ਜਵਾਨਾਂ ਲਈ ਹਰ ਸਾਲ 5 ਕਰੋੜ ਮੀਟਰ ਫ਼ੈਬ੍ਰਿਕ ਲੱਗਦਾ ਹੈ। ਵੈਸੇ, ਕਿੰਨੀਂ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਦੇਸ਼ ਦੇ ਹਾਕਮਾਂ ਵੱਲੋਂ ਭੜਕਾਉ ਬਿਆਨ ਦੇ ਕੇ, ਭਾਰਤੀ ਫ਼ੌਜ ਨੂੰ ਚੀਨ ਦੇ ਵਿਰੁੱਧ ਉਕਸਾਇਆ ਜਾ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਭਾਰਤੀ ਫ਼ੌਜ ਨੂੰ ਚੀਨ ਤੋਂ ਕੱਪੜਾ ਖ਼ਰੀਦ ਕੇ, ਉਸ ਦੀ ਹੀ ਵਰਦੀ ਸਿਲਵਾ ਕੇ ਦਿੱਤੀ ਜਾ ਰਹੀ ਹੈ। ਭਾਰਤ ਆਤਮ ਨਿਰਭਰ ਬਣੇ ਜਾਂ ਨਾ ਬਣੇ, ਕੋਈ ਫ਼ਰਕ ਨਹੀਂ ਪੈਣ ਵਾਲਾ, ਪਰ ਭਾਰਤੀ ਫ਼ੌਜ ਦੇ ਨਾਲ 1947 ਤੋਂ ਲੈ ਕੇ ਹੁਣ ਤੱਕ ਜੋ ਦੇਸ਼ ਦੇ ਹਾਕਮ ਧੋਖਾ ਕਰਦੇ ਰਹੇ, ਉਸ ਦੇ ਬਾਰੇ ਵਿੱਚ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ। ਵੈਸੇ, ਲੂਣ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਚਾਹੀਦਾ, ਪਰ ਇਨ੍ਹਾਂ ਸਿਆਸੀ ਲੀਡਰਾਂ ਨੂੰ ਕਿਹੜਾ ਕਿਸੇ ਦੀ ਲੱਥੀ ਚੜੀ ਦੀ ਪ੍ਰਵਾਹ ਹੈ। ਮਾਵਾਂ ਦੇ ਪੁੱਤ ਸਰਹੱਦਾਂ 'ਤੇ ਸ਼ਹੀਦ ਹੁੰਦੇ ਤਾਂ, ਕਿਸੇ ਲੀਡਰ ਦਾ ਮੂੰਹ ਫ਼ੁੱਟ ਜੇ, ਜੇਕਰ ਕਿਸੇ ਨੇ ਆਪਣੀ ਜੇਬ ਵਿੱਚੋਂ ਚਵਾਨੀ ਵੀ ਦਿੱਤੀ ਹੋਵੇ।