ਪੰਜਾਬ 'ਚ ਭਾਜਪਾ, ਆਖ਼ਰ ਕਿਸ ਨਾਲ ਕਰੇਗੀ ਗੱਠਜੋੜ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 23 2020 17:03
Reading time: 2 mins, 21 secs

ਮੋਦੀ ਸਰਕਾਰ ਦੇ ਵੱਲੋਂ ਜਦੋਂ ਤੋਂ ਖੇਤੀ ਕਾਨੂੰਨ ਭਾਰਤ ਦੇ ਅੰਦਰ ਲਿਆਂਦੇ ਗਏ ਹਨ, ਉਦੋਂ ਤੋਂ ਲੈ ਕੇ ਹੀ ਮੋਦੀ ਸਰਕਾਰ ਦੇ ਵਿਰੁੱਧ ਕਿਸਾਨਾਂ ਮਜ਼ਦੂਰਾਂ ਦਾ ਰੋਹ ਜਾਰੀ ਹੈ। ਜਦੋਂ ਮੋਦੀ ਨੇ ਖੇਤੀ ਕਾਨੂੰਨ ਲਿਆਂਦੇ ਸਨ ਤਾਂ, ਉਸ ਵੇਲੇ ਮੋਦੀ ਹੁਰਾਂ ਦੇ ਭਾਈਵਾਲ ਅਕਾਲੀ ਦਲ ਬਾਦਲ ਨੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਜਦੋਂਕਿ, ਕਿਸਾਨਾਂ ਨੇ ਜਦੋਂ ਮੋਦੀ ਦੇ ਨਾਲ ਨਾਲ ਬਾਦਲਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ, ਬਾਦਲਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਦੇ ਹੋਏ, ਕਹਿ ਦਿੱਤਾ ਕਿ ਉਹ ਕੇਂਦਰ ਨਾਲ ਗੱਲਬਾਤ ਕਰਨਗੇ।

ਕੇਂਦਰੀ ਮੰਤਰੀ ਰਹਿ ਚੁੱਕੀ ਅਤੇ ਮੌਜ਼ੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਹਿਲੋਂ ਤਾਂ, ਆਪਣੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਅਤੇ ਪਤੀ ਸੁਖਬੀਰ ਬਾਦਲ ਦੇ ਮਗਰ ਲੱਗ ਕੇ ਮੋਦੀ ਦੇ ਸੋਹਲੇ ਗਾਏ, ਜਦੋਂਕਿ ਬਾਅਦ ਵਿੱਚ ਇਹੀ ਬੀਬੀ ਮੋਦੀ ਦੇ ਵਿਰੁੱਧ ਬੋਲਣ ਲੱਗ ਗਈ ਅਤੇ ਕਹਿਣ ਲੱਗੀ ਕਿ ਸਾਨੂੰ ਤਾਂ ਬਿੱਲ ਪੜ੍ਹਾਏ ਹੀ ਨਹੀਂ ਗਏ। ਬਾਦਲਾਂ ਕੁਰਸੀ ਪਿੱਛੇ ਪਹਿਲੋਂ ਤਾਂ, ਮੋਦੀ ਦਾ ਪੱਖ ਪੂਰਦੇ ਰਹੇ, ਪਰ ਜਦੋਂ ਕਿਸਾਨਾਂ ਨੇ ਬਾਦਲਾਂ ਦੇ ਬੂਹੇ ਮੱਲ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ, ਬੀਬੀ ਬਾਦਲ ਨੇ ਕੇਂਦਰੀ ਵਜਾਰਤ ਤੋਂ ਅਸਤੀਫ਼ਾ ਦੇ ਦਿੱਤਾ।

ਇਹ ਅਸਤੀਫ਼ਾ ਵੇਖਿਆ ਜਾਵੇ ਤਾਂ ਮਹਿਜ਼ ਡਰਾਮਾ ਹੀ ਸੀ, ਕਿਉਂਕਿ ਅੰਦਰਖ਼ਾਤੇ ਤਾਂ ਬਾਦਲ, ਮੋਦੀ, ਕੈਪਟਨ ਅਤੇ ਹੋਰ ਸਿਆਸਤਦਾਨ ਇੱਕੋ ਹੀ ਹਨ। ਬਾਦਲਾਂ ਨੂੰ ਇਸ ਵੇਲੇ ਕਿਸਾਨ ਮੂੰਹ ਨਹੀਂ ਲਗਾ ਰਹੇ ਅਤੇ ਭਾਜਪਾ ਨੂੰ ਤਾਂ, ਕਿਸਾਨ ਮੀਟਿੰਗਾਂ ਵੀ ਨਹੀਂ ਕਰਨ ਦੇ ਰਹੇ। ਭਾਜਪਾ ਦਾ ਹਰ ਜਗ੍ਹਾ 'ਤੇ ਵਿਰੋਧ ਹੋ ਰਿਹਾ ਹੈ ਅਤੇ ਬਾਦਲਾਂ ਦਾ ਵੀ ਚਾਰੇ ਪਾਸੇ ਪਿੱਟ ਸਿਆਪਾ ਜਾਰੀ ਹੈ। ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਵੀ ਕਿਸਾਨ ਕੋਸਦੇ ਨਜ਼ਰੀ ਆ ਰਹੇ ਹਨ, ਕਿਉਂਕਿ ਇਹ ਵੀ ਕਿਸਾਨ ਪੱਖੀ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਵਿੱਚ ਹੀ ਹੋਏ ਹਨ।

ਦਰਅਸਲ, ਬਾਦਲਾਂ ਦਾ ਪੂਰੇ ਪੰਜਾਬ ਦੇ ਵਿੱਚੋਂ ਪੱਤਾ ਸਾਫ਼ ਤਾਂ ਜਿੱਥੇ ਹੋ ਚੁੱਕਿਆ ਹੀ ਹੈ, ਨਾਲ ਹੀ ਭਾਜਪਾ ਕੋਲ ਹੋਰ ਕੋਈ ਵੀ ਅਜਿਹਾ ਚਿਹਰਾ ਪੰਜਾਬ ਦੇ ਅੰਦਰ ਨਜ਼ਰੀ ਨਹੀਂ ਆ ਰਿਹਾ, ਜਿਸ ਦੇ ਨਾਲ ਉਹ ਗੱਠਜੋੜ ਕਰ ਸਕਣ। ਅਕਾਲੀ ਦਲ ਤਾਂ ਐਣ ਮੌਕੇ 'ਤੇ ਜਾ ਕੇ, ਕੋਈ ਨਾ ਕੋਈ ਕੁੰਡੀ ਫ਼ਸਾ ਹੀ ਲਵੇਗਾ, ਪਰ ਭਾਜਪਾ ਦਾ ਜਿਸ ਪ੍ਰਕਾਰ ਦੇ ਨਾਲ ਪੰਜਾਬ ਦੇ ਅੰਦਰ ਕਿਸਾਨ ਜਥੇਬੰਦੀਆਂ ਅਤੇ ਲੋਕ ਵਿਰੋਧ ਕਰ ਰਹੇ ਹਨ, ਤਾਂ, ਪੰਜਾਬ ਵਿੱਚ ਭਾਜਪਾ ਨੂੰ ਗੱਠਜੋੜ ਲੱਭਣ ਵਿੱਚ ਮੁਸ਼ਕਲ ਹੋ ਰਹੀ ਹੈ।

ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਇਕੱਲੇ ਚੋਣ ਲੜਨ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਭਾਜਪਾ ਬਿਨਾਂ ਭਾਈਵਾਲੀ ਦੇ ਪੰਜਾਬ ਵਿੱਚੋਂ ਕੋਈ ਵੀ ਸੀਟ ਹਾਸਿਲ ਨਹੀਂ ਕਰ ਸਕਦੀ। ਪੰਜਾਬ ਦੇ ਅੰਦਰ ਖੱਬੇਪੱਖੀ ਧਿਰਾਂ ਤਾਂ ਭਾਜਪਾ ਨਾਲ ਖੜ ਨਹੀਂ ਸਕਦੀਆਂ, ਕਿਉਂਕਿ ਉਹ ਹੁਣ ਵੀ ਮੋਦੀ ਦੇ ਵਿਰੋਧ ਵਿੱਚ ਹਨ, ਬਾਕੀ 'ਆਪ ਅਤੇ ਬਸਪਾ' ਵਾਲਿਆਂ ਦਾ ਕੋਈ ਪਤਾ ਨਹੀਂ, ਕਿ ਉਹ ਕਦੋਂ ਭਾਜਪਾ ਦੇ ਨਾਲ ਖੜ੍ਹ ਕੇ ਪੰਜਾਬ ਅੰਦਰ ਚੋਣ ਲੜਣ ਦਾ ਐਲਾਨ ਕਰ ਦੇਣ। ਪਰ ਇੱਕ ਗੱਲ ਅਸੀਂ ਸਪੱਸ਼ਟ ਕਰ ਦੇਣੀ ਚਾਹੁੰਦੇ ਹਾਂ, ਕਿ ਭਾਜਪਾ ਚਾਹੇ ਜਿਸ ਪਾਰਟੀ ਨੂੰ ਮਰਜ਼ੀ ਨਾਲ ਰਲਾ ਲਵੇ, ਜੇਕਰ ਇਸੇ ਤਰ੍ਹਾਂ ਹੀ ਭਾਜਪਾ ਦੇ ਵਿਰੁੱਧ ਪੰਜਾਬ ਦੇ ਅੰਦਰ ਸੰਘਰਸ਼ ਜਾਰੀ ਰਿਹਾ ਤਾਂ, ਭਾਜਪਾ ਕਦੇ ਵੀ ਪੰਜਾਬ ਵਿੱਚੋਂ ਜਿੱਤ ਹਾਸਲ ਨਹੀਂ ਕਰ ਸਕਦੀ।