ਦਿੱਲੀ ਚੱਲੋ: ਕਿਸਾਨ ਸੰਘਰਸ਼ ਅਤੇ ਇਨਕਲਾਬ ਦੀ ਗੱਲ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 23 2020 16:53
Reading time: 2 mins, 56 secs

ਹਰੇ, ਲਾਲ, ਪੀਲੇ ਅਤੇ ਚਿੱਟੇ ਝੰਡਿਆਂ ਦੇ ਨਾਲ ਕਿਸਾਨੀ ਸੰਘਰਸ਼ ਮੱਘ ਰਿਹਾ ਹੈ। ਰੋਜ਼ਾਨਾਂ ਹੀ ਸੈਂਕੜੇ ਕਿਸਾਨ, ਮਜ਼ਦੂਰ, ਨੌਜਵਾਨ, ਬੀਬੀਆਂ ਅਤੇ ਬੱਚੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਇਨ੍ਹਾਂ ਵੱਡਾ ਇਕੱਠ ਹੋਇਆ ਹੈ। ਕਿਸਾਨਾਂ ਦੇ ਧਰਨੇ ਹਮੇਸ਼ਾਂ ਹੀ ਇਨਕਲਾਬ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਹਨ, ਪਰ ਕਿਸਾਨ ਸੰਘਰਸ਼ ਵਿੱਚ ਵੜ੍ਹੇ ਕੁੱਝ ਕੁ ਫਿਰਕੂ ਅਤੇ ਕਿਸਾਨ ਮਾਰੂ ਧੜੇ ਅਕਸਰ ਹੀ ਦਗਾ ਕਮਾ ਕੇ, ਕਿਸਾਨੀ ਸੰਘਰਸ਼ ਨੂੰ ਢਾਹ ਲਗਾ ਹੀ ਜਾਂਦੇ ਹਨ।

ਦਿੱਲੀ ਚੱਲੋ ਦਾ ਨਾਅਰਾ ਜਦੋਂ ਤੋਂ ਕਿਸਾਨ ਜਥੇਬੰਦੀਆਂ ਅਤੇ ਇਨਕਲਾਬੀਆਂ ਧੜਿਆਂ ਦੇ ਵੱਲੋਂ ਦਿੱਤਾ ਗਿਆ ਹੈ, ਉਦੋਂ ਤੋਂ ਲੈ ਕੇ ਹੀ ਦੁਸ਼ਮਣਾਂ ਨੂੰ ਰੋਟੀ ਚੰਗੀ ਨਹੀਂ ਲੱਗ ਰਹੀ। ਜਿਹੜੀ ਰੋਟੀ ਕਿਸਾਨ ਮਜ਼ਦੂਰ ਕੋਲੋਂ ਖੋਹਣ ਦੀਆਂ ਗੱਲਾਂ ਹਾਕਮ ਕਰ ਰਹੇ ਹਨ, ਉਹੀ ਰੋਟੀ ਇਸ ਵਕਤ ਹਾਕਮਾਂ ਨੂੰ ਹੀ ਚੱਕਰਾਂ ਵਿੱਚ ਪਾਈ ਫਿਰਦੀ ਨਜ਼ਰੀ ਆ ਰਹੀ ਹੈ। ਦਰਅਸਲ, ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਵਿੱਚੋਂ ਇੱਕੋ ਹੀ ਮੰਗ ਉੱਠ ਰਹੀ ਹੈ ਕਿ, ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਲੋਕ ਮਾਰੂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ, ਜੋ ਦੇਸ਼ ਦਾ ਹਰ ਵਰਗ ਬਚ ਸਕੇ।

ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਹਰੇ, ਲਾਲ, ਚਿੱਟੇ ਅਤੇ ਪੀਲੇ ਝੰਡਿਆਂ ਦੇ ਨਾਲ ਕਿਸਾਨੀ ਸੰਘਰਸ਼ ਵਿੱਚ ਪਹੁੰਚ ਰਹੇ ਨੌਜਵਾਨ, ਕਿਸਾਨ ਮਜ਼ਦੂਰ ਅਤੇ ਬੀਬੀਆਂ ਬੱਚਿਆਂ ਦੇ ਮੂੰਹ ਵਿੱਚੋਂ ਇੱਕੋ ਹੀ ਸ਼ਬਦ ਨਿਕਲ ਰਿਹਾ ਹੈ, ਕਿ 'ਹਿਟਲਰ ਮੋਦੀ'। ਕਿਉਂਕਿ ਹਿਟਲਰ ਵੀ ਤਾਨਾਸ਼ਾਹ ਸੀ ਅਤੇ ਮੋਦੀ ਵੀ ਤਾਨਾਸ਼ਾਹ ਹੈ। 26 ਤੇ 27 ਨਵੰਬਰ ਦੋ ਦਿਨ ਦਿੱਲੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ, ਉਸ ਤੋਂ ਪਹਿਲੋਂ ਹੀ ਮੋਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਵਾਸਤੇ ਕਈ ਤਰ੍ਹਾਂ ਦੇ ਬਹਾਨੇ ਬਣਾਏ ਜਾ ਰਹੇ ਹਨ।

ਦਿੱਲੀ ਚੱਲੋ ਦਾ ਨਾਅਰਾ ਕਿਸਾਨਾਂ ਦੇ ਮੂੰਹ ਉੱਪਰ ਦਿਨ ਰਾਹ ਹੈ। ਕਿਸਾਨ ਸੰਘਰਸ਼ ਵਿੱਚੋਂ ਇਨਕਲਾਬ ਦੀਆਂ ਗੱਲਾਂ ਸਾਰੀਆਂ ਖੱਬੀਆਂ ਧਿਰਾਂ ਕਰ ਰਹੀਆਂ ਹਨ। ਵੈਸੇ, ਜਦੋਂ ਤੋਂ ਖੱਬੀਆਂ ਧਿਰਾਂ ਨੇ ਕਿਸਾਨ ਮੋਰਚਿਆਂ ਦੀ ਅਗਵਾਈ ਕੀਤੀ ਹੈ ਤਾਂ, ਹਾਕਮ ਜ਼ਰੂਰ ਝੁਕੇ ਹਨ ਅਤੇ ਹੁਣ ਵੀ ਅਜਿਹਾ ਹੀ ਹੋਣ ਵਾਲਾ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਜਿੰਦਰ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਫ਼ਾਸੀਵਾਦੀ ਮੋਦੀ ਹਕੂਮਤ ਲਗਾਤਾਰ ਭਾਰਤ ਵਾਸੀਆਂ 'ਤੇ ਜ਼ੁਲਮ ਢਾਹੁਣ 'ਤੇ ਲੱਗੀ ਹੋਈ ਹੈ।

ਪਹਿਲੋਂ ਤਾਨਾਸ਼ਾਹ ਮੋਦੀ ਹਕੂਮਤ ਦੇ ਵੱਲੋਂ ਕਸ਼ਮੀਰ ਦੇ ਅੰਦਰ ਅੱਤਿਆਚਾਰ ਕੀਤੇ ਗਏ ਅਤੇ ਹੁਣ ਕਸ਼ਮੀਰ ਤੋਂ ਮਗਰੋਂ ਹੁਣ ਪੰਜਾਬ 'ਤੇ ਅੱਤਿਆਚਾਰ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿਸ ਨੂੰ ਖ਼ਤਮ ਕਰਨ ਦੀਆਂ ਚਾਲਾਂ ਮੋਦੀ ਸਰਕਾਰ ਦੇ ਵੱਲੋਂ ਦਿਨ ਰਾਹ ਕੀਤੀਆਂ ਜਾ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਕੁੱਲ 29 ਕਿਸਾਨ ਜਥੇਬੰਦੀਆਂ ਸੰਘਰਸ਼ ਦੀ ਪਿੜ ਵਿੱਚ ਹਨ।

ਦਿੱਲੀ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਦੇ ਵਾਸਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਇਨਕਲਾਬੀ ਧੜਿਆਂ ਦੇ ਵੱਲੋਂ ਪਿੰਡਾਂ ਦੇ ਅੰਦਰ ਝੰਡੇ ਮਾਰਚ ਕਰਕੇ ਹੋਕੇ ਦਿੱਤੇ ਜਾ ਰਹੇ ਹਨ ਅਤੇ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਹੋਇਆ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੰਘਰਸ਼ ਦੀ ਪਿੜ ਵਿੱਚ ਉਤਰੀਆਂ ਕਿਸਾਨ ਬੀਬੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਨਕਲਾਬੀ ਗੱਲਾਂ ਦੇ ਨਾਲ ਨਹੀਂ ਆਉਂਦੇ, ਇਸ ਦੇ ਲਈ ਲੰਮੀ ਲੜਾਈ ਲੜਣੀ ਪੈਂਦੀ ਹੈ, ਜੋ ਕਿ ਇਸ ਵੇਲੇ ਪੰਜਾਬ ਲੜ ਰਿਹਾ ਹੈ।

ਪੰਜਾਬ ਦਾ ਹਰ ਵਰਗ ਇਸ ਵੇਲੇ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਅਤੇ ਮੰਗ ਕਰ ਰਿਹਾ ਹੈ ਕਿ ਲੋਕ ਮਾਰੂ ਖੇਤੀ ਕਾਨੂੰਨ ਰੱਦ ਕੀਤੇ ਜਾਣ, ਪਰ ਮੋਦੀ ਸਰਕਾਰ ਆਪਣੇ ਤਾਨਾਸ਼ਾਹੀ ਫ਼ਰਮਾਨਾਂ ਤੋਂ ਪਾਸੇ ਨਹੀਂ ਹੱਟ ਰਹੀ। ਲਗਾਤਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੀਬੀਆਂ ਅਤੇ ਬਜ਼ੁਰਗਾਂ ਦੇ ਧਰਨੇ ਜ਼ਾਰੀ ਹਨ, ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਸੰਘਰਸ਼ੀ ਲੋਕ ਸਿਆਸੀ ਪਾਰਟੀਆਂ ਦੇ ਖ਼ਾਸਮ-ਖ਼ਾਸ ਹਨ, ਜਦੋਂਕਿ ਅਜਿਹਾ ਕੁੱਝ ਵੀ ਨਹੀਂ ਹੈ। ਜਿਸ ਵੀ ਪੰਜਾਬੀ ਨੂੰ ਆਪਣੀ ਧਰਤੀ ਮਾਂ ਦੇ ਨਾਲ ਪਿਆਰ ਹੈ, ਉਹ ਸੰਘਰਸ਼ ਦੀ ਪਿੜ ਵਿੱਚ ਆ ਰਿਹਾ ਹੈ।