ਭਾਰਤ ਦੀਆਂ ਸਰਹੱਦ ਕੀ ਮਜ਼ਬੂਤ ਨਹੀਂ ਹਨ, ਜੋ ਸਰਹੱਦ ਪਾਰ ਕਰ ਆਉਂਦੇ ਨੇ ਡਰੋਨ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 22 2020 15:35
Reading time: 2 mins, 14 secs

ਗੁਆਢੀ ਮੁਲਕ ਸਰਹੱਦਾਂ 'ਤੇ ਕੀ ਵਾਕਿਆ ਹੀ ਡਰੋਨ ਉੱਡਾ ਕੇ ਭਾਰਤ ਵਿੱਚ ਦਹਿਸ਼ਤ ਫ਼ੈਲਾ ਰਿਹਾ ਹੈ? ਕੀ ਸੱਚਮੁੱਚ ਸਰਹੱਦਾਂ 'ਤੇ ਪਾਕਿਸਤਾਨ ਡਰੋਨਾਂ ਦੇ ਰਾਹੀਂ ਹਮਲੇ ਕਰਨ ਦੀ ਤਾਕ ਵਿੱਚ ਹੈ? ਕੀ ਡਰੋਨਾਂ ਨੂੰ ਭਾਰਤੀ ਫ਼ੌਜ ਨੇ ਕਦੇ ਜਿੰਦਾ ਫੜਿਆ ਹੈ? ਡਰੋਨਾਂ ਦੇ ਬਾਰੇ ਵਿੱਚ ਉੱਡਦੀ ਅਫ਼ਵਾਹ ਨੂੰ ਕਿਵੇਂ ਦੂਰ ਕੀਤਾ ਜਾਵੇ, ਕੀ ਇਸ ਦੇ ਬਾਰੇ ਵਿੱਚ ਕਦੇ ਫ਼ੌਜ ਨੇ ਆਪਣੇ ਬਿਆਨ ਜਾਰੀ ਕੀਤੇ ਹਨ? ਦੇਸ਼ ਦੇ ਲੀਡਰ ਹਮੇਸ਼ਾ ਹੀ ਸਰਹੱਦਾਂ 'ਤੇ ਹੁੰਦੀ ਗੋਲੀਬਾਰੀ ਤੋਂ ਇਲਾਵਾ ਡਰੋਨਾਂ ਦੇ ਪੈਂਦੇ ਰੌਲੇ ਨੂੰ ਬਹੁਤ ਵਧਾ ਚੜਾ ਕੇ, ਜਨਤਾ ਦੇ ਮੂਹਰੇ ਪੇਸ਼ ਕਰਦੇ ਹਨ।

ਜਨਤਾ ਵੀ ਭਾਰਤ ਦੀ ਕਮਲੀ, ਜਿਹੜੀ ਅੱਧ ਸੁਣੀਆਂ ਗੱਲਾਂ 'ਤੇ ਵਿਸਵਾਸ਼ ਕਰ ਲੈਂਦੀ ਹੈ। ਅੱਜ ਜਣਾ ਖਣਾ ਲੀਡਰ ਬਣਿਆ ਫਿਰਦੈ ਅਤੇ ਧੱਕੇ ਦੇ ਨਾਲ ਹੀ ਜਵਾਨੀ ਨੂੰ ਗੁੰਮਰਾਹ ਕਰਦਿਆਂ ਪਾਕਿਸਤਾਨ ਅਤੇ ਹੋਰਨਾਂ ਇਲਾਵਾ ਚੀਨ, ਨੇਪਾਲ ਅਤੇ ਬੰਗਲਾਦੇਸ਼ ਦੇ ਖ਼ਿਲਾਫ਼ ਭੜਕਾਈ ਜਾ ਰਿਹਾ ਹੈ। ਸਰਹੱਦਾਂ 'ਤੇ ਇੱਕ ਪਾਸੇ ਤਾਂ ਡਰੋਨਾਂ ਦੇ ਉੱਡਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਜਿਹੜੇ ਮੀਡੀਆ ਅਦਾਰੇ ਡਰੋਨਾਂ ਦੇ ਉੱਡਣ ਦੀਆਂ ਖ਼ਬਰਾਂ ਜ਼ੂਮ ਕਰ ਕਰ ਕੇ ਵਿਖਾ ਰਹੇ ਹਨ, ਉਹ ਕਿਸਾਨੀ ਸੰਘਰਸ਼ ਦੇ ਦੌਰਾਨ ਕਿਧਰੇ ਵੀ ਨਜ਼ਰੀ ਨਹੀਂ ਆ ਰਹੇ।

ਦਰਅਸਲ, ਬੀਤੇ ਦਿਨੀਂ, ਜਦੋਂ ਜੰਮੂ ਜ਼ਿਲ੍ਹੇ ਦੇ ਨਗਰੋਟਾ ਬਨ ਟੋਲ ਪਲਾਜ਼ਾ ਵਿੱਚ ਟਰੱਕ ਵਿੱਚ ਲੁੱਕ ਕੇ ਪਹੁੰਚੇ ਚਾਰ ਅੱਤਵਾਦੀਆਂ ਨੂੰ ਭਾਰਤੀ ਜਵਾਨਾਂ ਦੇ ਵੱਲੋਂ ਮਾਰ ਮੁਕਾ ਦਿੱਤਾ ਗਿਆ ਸੀ, ਉਸ ਤੋਂ ਮਗਰੋਂ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਸਰਹੱਦ ਪਾਰੋਂ ਦੁਸ਼ਮਣ ਵੀ ਭਾਰਤੀ ਫ਼ੌਜ 'ਤੇ ਹਮਲੇ ਕਰਨ ਦੀ ਤਾਕ ਵਿੱਚ ਹੈ। ਗੋਦੀ ਮੀਡੀਆ ਨੇ ਇਹ ਖ਼ਬਰਾਂ ਵਿਖਾਈਆਂ, ਕਿ ਪਾਕਿਤਸਾਨ ਵਾਲੇ ਹਿੱਸੇ ਵਿਚਲੇ ਕਸ਼ਮੀਰ 'ਤੇ ਭਾਰਤੀ ਜਵਾਨਾਂ ਨੇ ਜਾ ਕੇ ਦੁਸ਼ਮਣਾਂ 'ਤੇ ਗੋਲੀਆਂ ਦਾਗੀਆਂ ਹਨ ਅਤੇ ਵੱਡਾ ਨੁਕਸਾਨ ਕੀਤਾ ਹੈ।

ਜਦੋਂਕਿ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਗੋਦੀ ਮੀਡੀਆ ਨੂੰ ਝਟਕਾ ਦਿੰਦੇ ਹੋਏ ਕਿਹਾ ਕਿ, ਸਰਹੱਦ ਤੋਂ ਪਾਰ ਜਾ ਕੇ ਹਮਲੇ ਕਰਨ ਦੀਆਂ ਖ਼ਬਰਾਂ ਬਿਲਕੁਲ ਝੂਠੀਆਂ ਹਨ, ਅਜਿਹਾ ਕੁੱਝ ਵੀ ਭਾਰਤੀ ਫ਼ੌਜ ਦੇ ਵੱਲੋਂ ਨਹੀਂ ਕੀਤਾ ਗਿਆ। ਦੂਜੇ ਪਾਸੇ ਖ਼ਬਰਾਂ ਸਮੂਹ ਚੈਨਲਾਂ 'ਤੇ ਦੇਰ ਰਾਤ ਇਹ ਚੱਲਣੀ ਸ਼ੁਰੂ ਹੋ ਗਈ ਕਿ ਜੰਮੂ ਡਵੀਜ਼ਨ ਵਿੱਚ ਅੰਤਰਰਾਸ਼ਟਰੀ ਸਰਹੱਦ ਅਤੇ ਪੁਣਛ ਵਿੱਚ ਕੰਟਰੋਲ ਰੇਖਾ ਉੱਤੇ ਬੀਤੇ 36 ਘੰਟਿਆਂ ਦੌਰਾਨ 4 ਵਾਰ ਪਾਕਿਸਤਾਨੀ ਡਰੋਨ ਦਾਖ਼ਲ ਹੋਏ ਅਤੇ ਵਾਪਸ ਚਲੇ ਗਏ।

ਫ਼ੌਜ ਦੇ ਅਧਿਕਾਰੀਆਂ ਮੁਤਾਬਿਕ ਐਤਵਾਰ ਸਵੇਰੇ ਪੁਣਛ ਦੇ ਮੇਂਡਰ ਸੈਕਟਰ ਵਿੱਚ ਐੱਲਓਸੀ ਦੇ ਨਜ਼ਦੀਕ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਦੇਖਿਆ ਗਿਆ। ਇਸ ਦੇ ਤੁਰੰਤ ਬਾਅਦ ਜਵਾਨਾਂ ਨੇ ਡਰੋਨ ਨੂੰ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਹੱਥੇ ਨਾ ਲੱਗ ਸਕਿਆ। ਫ਼ੌਜ ਦੇ ਬਿਆਨ ਤੋਂ ਬਾਅਦ ਸਵਾਲ ਉੱਠਦਾ ਹੈ, ਕਿ ਕੀ ਭਾਰਤ ਕੋਲ ਅਜਿਹਾ ਕੋਈ ਯੰਤਰ ਨਹੀਂ ਹੈ, ਜੋ ਸਰਹੱਦ ਪਾਰੋਂ ਡਰੋਨਾਂ ਦੀ ਸਪਲਾਈ ਨੂੰ ਰੋਕ ਸਕਦਾ ਹੋਵੇ? ਕੀ ਸਿਰਫ਼ ਡਰੋਨ ਸਰਹੱਦ 'ਤੇ ਵੇਖੇ ਹੀ ਜਾ ਸਕਦੇ ਹਨ, ਉਨ੍ਹਾਂ ਨੂੰ ਫ਼ੌਜ ਵੱਲੋਂ ਖ਼ਤਮ ਨਹੀਂ ਕੀਤਾ ਜਾ ਸਕਦਾ? ਖ਼ੈਰ, ਬਹੁਤ ਸਾਰੇ ਸਵਾਲ ਹਨ, ਫ਼ੌਜ ਅਤੇ ਪੁਲਿਸ ਨੇ ਸੰਯੁਕਤ ਤਲਾਸ਼ੀ ਮੁਹਿੰਮ ਛੇੜ ਤਾਂ ਸਰਹੱਦ 'ਤੇ ਦਿੱਤੀ ਹੈ ਕਿ ਡਰੋਨ ਮਿਲ ਸਕੇ, ਪਰ ਲੱਗਦਾ ਨਹੀਂ ਕਿ ਡਰੋਨ ਦਾ ਕੋਈ ਹਿੱਸਾ ਮਿਲੇਗਾ।